ਤਹਿਰਾਨ: ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦਾਅਵਾ ਕੀਤਾ ਹੈ ਕਿ ਦੇਸ਼ ਯੁੱਧ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਤੇ ਜਿੱਤਣ ਲਈ ਉਨ੍ਹਾਂ ਨੂੰ ਤਣ ਕੇ ਖੜ੍ਹੇ ਰਹਿਣਾ ਪਏਗਾ। ਅਮਰੀਕਾ ਵੱਲੋਂ ਮੁੜ ਪਾਬੰਦੀਆਂ ਲਾਉਣ ਤੋਂ ਬਾਅਦ ਇਰਾਨ ਨੇ ਹਵਾਈ ਰੱਖਿਆ ਅਭਿਆਸ ਕੀਤਾ ਹੈ। ਇਹ ਅਭਿਆਸ ਮੰਗਲਵਾਰ ਵੀ ਜਾਰੀ ਰਹੇਗਾ। ਅਮਰੀਕਾ ਵੱਲੋਂ ਇਰਾਨ ’ਤੇ ਤਾਜ਼ਾ ਪਾਬੰਦੀਆਂ ਤੇ ਰੂਹਾਨੀ ਦੇ ਇਸ ਬਿਆਨ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਓ ਵਧਦਾ ਦਿਖਾਈ ਦੇ ਰਿਹਾ ਹੈ। ਪਾਬੰਦੀਆਂ ਕਾਰਨ ਇਰਾਨ ਨੂੰ ਅਮਰੀਕਾ ਵੱਲੋਂ ਦਿੱਤੇ ਜਾ ਰਹੇ ਸਾਰੇ ਲਾਭ ਬੰਦ ਹੋ ਜਾਣਗੇ ਜੋ 2015 ਦੇ ਪਰਮਾਣੂ ਕਰਾਰ ਉਸ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਤੋਂ ਮਿਲ ਰਹੇ ਸਨ। ਹਾਲਾਂਕਿ ਇਰਾਨ ਆਪਣੇ ਇਸ ਕਰਾਰ ਦੀ ਹਾਲੇ ਵੀ ਪਾਲਣਾ ਕਰ ਰਿਹਾ ਹੈ। ਇਸ ਕਰਾਰ ਤਹਿਤ ਇਰਾਨ ਨੂੰ ਯੂਰੇਨੀਅਮ ਦਾ ਸੀਮਤ ਮਾਤਰਾ ਵਿੱਚ ਹੀ ਇਸਤੇਮਾਲ ਕਰਨਾ ਸੀ। ਰਾਸ਼ਟਰਪਤੀ ਰੂਹਾਨੀ ਨੇ ਸੋਮਵਾਰ ਨੂੰ ਬਿਆਨ ਦਿੱਤਾ ਹੈ ਅੱਜ ਇਰਾਨ ਆਪਣਾ ਤੇਲ ਵੇਚਣ ਦੇ ਸਮਰਥ ਹੈ ਤੇ ਉਹ ਤੇਲ ਵੇਚਣਗੇ। ਇਸੇ ਵਿਚਾਲੇ ਇਰਾਨੀ ਅਫ਼ਸਰਾਂ ਨੇ ਇੱਕ ਸਾਈਬਰ ਹਮਲੇ ਦੀ ਵੀ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਦੇਸ਼ ਦੇ ਸੰਚਾਰ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।