ਵਾਸ਼ਿੰਗਟਨ: ਅਮਰੀਕਾ ਵਿੱਚ ਜਿੱਥੇ ਵਿਦੇਸ਼ੀ ਮੂਲ ਦੇ ਲੋਕਾਂ ਵਿਰੁੱਧ ਨਕਾਰਾਤਮਕ ਰਵੱਈਆ ਸਿਖਰਾਂ 'ਤੇ ਹੈ, ਉੱਥੇ ਹੀ ਅੱਧ-ਮਿਆਦੀ (ਮਿਡ-ਟਰਮ) ਚੋਣਾਂ ਵਿੱਚ ਭਾਰਤੀ ਮੂਲ ਦੇ ਤਕਰੀਬਨ 100 ਅਮਰੀਕੀ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਸਾਰੇ ਭਾਰਤੀ ਉਮੀਦਵਾਰ ਆਪੋ-ਆਪਣੇ ਹਲਕਿਆਂ ਵਿੱਚ ਤਕੜੇ ਦਾਅਵੇਦਾਰ ਵੀ ਮੰਨੇ ਜਾ ਰਹੇ ਹਨ। ਉਂਝ ਤਾਂ ਚੋਣਾਂ ਵਿੱਚ ਸਾਰਿਆਂ ਦੀਆਂ ਨਜ਼ਰਾਂ 'ਸਮੋਸਾ ਕੌਕਸ' 'ਤੇ ਟਿਕਿਆਂ ਹੋਣਗੀਆਂ ਪਰ ਨੌਜਵਾਨ ਭਾਰਤੀ-ਅਮਰੀਕੀ ਉਮੀਦਵਾਰਾਂ ਦਾ ਵੱਡੀ ਗਿਣਤੀ ਵਿੱਚ ਚੋਣਾਂ ਲੜਨਾ ਚੰਗਾ ਸੰਕੇਤ ਹੈ। 'ਸਮੋਸਾ ਕੌਕਸ' ਮੌਜੂਦਾ ਕਾਂਗਰਸ ਵਿੱਚ ਪੰਜ ਭਾਰਤੀ ਮੂਲ ਦੇ ਅਮਰੀਕੀਆਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈ।




ਅਮਰੀਕਾ ਦੀ ਆਬਾਦੀ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਗਿਣਤੀ ਸਿਰਫ਼ ਇੱਕ ਫੀਸਦ ਹੈ। ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਭਾਰਤੀ-ਅਮਰੀਕੀਆਂ ਦੀ ਸ਼ਮੂਲੀਅਤ ਵਧਦੇ ਦੇਖਣਾ ਅਦਭੁਤ ਹੈ। ਮੰਗਲਵਾਰ ਨੂੰ ਹੋਣ ਵਾਲੀਆਂ ਅੱਧ-ਮਿਆਦੀ ਚੋਣਾਂ ਵਿੱਚ ਮੌਜੂਦਾ ਸਭਾ ਦੇ ਸਾਰੇ ਚਾਰ ਭਾਰਤੀ ਮੂਲ ਦੇ ਅਮਰੀਕੀ ਮੈਂਬਰਾਂ ਦੇ ਸੌਖਿਆਂ ਹੀ ਜਿੱਤ ਦਰਜ ਕਰਨ ਦੀ ਆਸ ਹੈ।

ਇਨ੍ਹਾਂ ਵਿੱਚ ਤਿੰਨ ਵਾਰ ਅਮਰੀਕੀ ਕਾਂਗਰਸ ਦੇ ਮੈਂਬਰ ਅਮੀ ਬੇਰਾ ਤੇ ਪਹਿਲੀ ਵਾਰ ਨੁਮਾਇੰਦਗੀ ਸਭਾ ਲਈ ਚੁਣ ਕੇ ਆਏ ਤਿੰਨ ਮੈਂਬਰ ਸ਼ਾਮਲ ਹਨ, ਮੁੜ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਨ੍ਹਾਂ ਚਾਰ ਮੌਜੂਦਾ ਮੈਂਬਰਾਂ ਦੇ ਨਾਲ-ਨਾਲ ਸੱਤ ਭਾਰਤੀ-ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਚੁਣ ਕੇ ਆਉਣ ਲਈ ਮੈਦਾਨ ਵਿੱਚ ਹਨ।

ਸਫਲ ਉੱਦਮੀ ਸ਼ਿਵ ਅੱਯਾਰਦੁਰਈ ਇਕਲੌਤੇ ਭਾਰਤੀ ਹਨ ਜੋ ਸੀਨੇਟ ਲਈ ਲੜ ਰਹੇ ਹਨ। ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜਨ ਵਾਲੇ ਸ਼ਿਵ ਦਾ ਮੁਕਾਬਲਾ ਮਜ਼ਬੂਤ ਦਾਅਵੇਦਾਰ ਏਲਿਜ਼ਾਬੇਥ ਵਾਰੇਨ ਨਾਲ ਹੈ। ਅੱਧ ਮਿਆਦੀ ਚੋਣਾਂ ਵਿੱਚ ਸਿਰਫ ਇਹੋ ਭਾਰਤੀ-ਅਮਰੀਕੀ ਉਮੀਦਵਾਰ ਮੈਦਾਨ ਵਿੱਚ ਨਹੀਂ ਹਨ, ਬਲਕਿ ਅਣਅਧਿਕਾਰਤ ਅੰਕੜਿਆਂ ਮੁਤਾਬਕ ਤਕਰੀਬਨ 100 ਭਾਰਤੀ ਮੂਲ ਦੇ ਅਮਰੀਕੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।



ਕੀ ਹਨ ਇਹ ਮਿਡ ਟਰਮ ਇਲੈਕਸ਼ਨਜ਼-

ਅਮਰੀਕਾ ਦੇ ਦੋ ਸਦਨ ਸੈਨੇਟ ਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੀਆਂ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਚਾਰ ਸਾਲ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਇਹ ਚੋਣਾਂ 6 ਨਵੰਬਰ ਯਾਨੀ ਭਲਕੇ ਹੋ ਰਹੀਆਂ ਹਨ। ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੇ ਸਾਰੇ 435 ਮੈਂਬਰ ਹਰ ਦੋ ਸਾਲ ਲਈ ਚੁਣੇ ਜਾਂਦੇ ਹਨ ਅਤੇ ਨਾਲ ਹੀ ਸੈਨੇਟ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਵੀ ਇਨ੍ਹਾਂ ਅੱਧ-ਮਿਆਦੀ ਚੋਣਾਂ ਦੌਰਾਨ ਕਰ ਲਈ ਜਾਂਦੀ ਹੈ। ਸੈਨੇਟ ਵਿੱਚ ਬਹੁਮਤ ਲਈ 51 ਸੀਟਾਂ ਅਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਵਿੱਚ ਬਹੁਮਤ ਸਾਬਤ ਕਰਨ ਲਈ 218 ਸੀਟਾਂ ਚਾਹੀਦੀਆਂ ਹਨ।

ਕਿਉਂ ਹੁੰਦੀਆਂ ਹਨ ਇਹ ਚੋਣਾਂ ਮਹੱਤਵਪੂਰਨ-

ਇਹ ਵੋਟਿੰਗ ਇਸ ਲਈ ਵੱਧ ਮਹੱਤਵਪੂਰਨ ਹੁੰਦੀਆਂ ਹਨ ਕਿਉਂਕਿ ਇਹ ਚੋਣਾਂ ਕਾਨੂੰਨ ਬਣਾਉਣ ਤੇ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਤਾਕਤਵਰ ਜਾਂ ਕਮਜ਼ੋਰ ਬਣਾਉਂਦੀਆਂ ਹਨ। ਜੇਕਰ ਰਾਸ਼ਟਰਪਤੀ ਦੀ ਪਾਰਟੀ ਜਿੱਤਦੀ ਹੈ ਤਾਂ ਉਸ ਨੂੰ ਆਪਣੇ ਏਜੰਡੇ ਅੱਗੇ ਵਧਾਉਣ ਵਿੱਚ ਮਦਦ ਮਿਲਦੀ ਹੈ, ਪਰ ਜੇਕਰ ਦੋਵਾਂ ਵਿੱਚੋਂ ਇੱਕ ਸਦਨ ਵਿੱਚ ਵਿਰੋਧੀ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ ਤਾਂ ਰਾਸ਼ਟਰਪਤੀ ਦੇ ਕੰਮ ਵਿੱਚ ਵੱਡਾ ਅੜਿੱਕਾ ਪੈਦਾ ਹੁੰਦਾ ਹੈ ਅਤੇ ਨਾਲ ਹੀ ਦੋ ਸਾਲ ਬਾਅਦ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਉਤੇ ਵੀ ਇਨ੍ਹਾਂ ਚੋਣਾਂ ਦਾ ਅਸਰ ਪੈਂਦਾ ਹੈ।