ਮੋਸੂਲ: ਦਹਿਸ਼ਤਗਰਦ ਸੰਗਠਨ ਆਈ.ਐਸ. ਦਾ ਮੁਖੀ ਅੱਬੂ ਬਕਰ ਅੱਲ ਬਗ਼ਦਾਦੀ ਆਪਣੇ ਹੀ ਘਰ ਵਿੱਚ ਘਿਰ ਗਿਆ ਹੈ। ਮੀਡੀਆ ਖ਼ਬਰਾਂ ਅਨੁਸਾਰ ਬਗ਼ਦਾਦੀ ਦੇ ਗੜ੍ਹ ਮੋਸੂਲ ਨੂੰ ਸੁਰੱਖਿਆ ਬਲਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ ਹੈ। ਸੈਨਾ ਦੀਆਂ ਟੁਕੜੀਆਂ ਮੋਸੂਲ ਸ਼ਹਿਰ ਵਿੱਚ ਪ੍ਰਵੇਸ਼ ਕਰਕੇ ਬਗ਼ਦਾਦੀ ਦੀ ਭਾਲ ਕਰ ਰਹੀਆਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਗ਼ਦਾਦੀ ਦਾ ਬਚਣਾ ਹੁਣ ਮੁਸ਼ਕਲ ਹੈ।
ਇਰਾਕੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਸੈਨਾ ਦੇ ਹੈਲੀਕਾਪਟਰ ਆਈ.ਐਸ. ਦੇ ਟਿਕਾਣਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ। ਇਰਾਕੀ ਸੈਨਾ ਨੇ ਦੋ ਸਾਲ ਬਾਅਦ ਮੋਸੂਲ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਹੈ। ਇਰਾਕੀ ਸੈਨਾ ਦੇ ਟੈਂਕ ਮੋਸੂਲ ਦੀਆਂ ਸੜਕਾਂ ਉੱਤੇ ਘੁੰਮ ਰਹੇ ਹਨ। ਖ਼ਬਰਾਂ ਅਨੁਸਾਰ ਆਈ.ਐਸ. ਖ਼ਿਲਾਫ਼ ਇਰਾਕੀ ਸੈਨਾ ਦੀ ਲੜਾਈ ਫ਼ੈਸਲਾਕੁਨ ਦੌਰ ਵਿੱਚ ਪਹੁੰਚ ਚੁੱਕੀ ਹੈ।
ਕੁਰਦਿਸ਼ ਸੈਨਾ ਅਨੁਸਾਰ ਬਗ਼ਦਾਦੀ ਪਿਛਲੇ 9 ਮਹੀਨਿਆਂ ਤੋਂ ਮੋਸੂਲ ਵਿੱਚ ਹੀ ਹੈ। ਇਸ ਲਈ ਇਰਾਕੀ ਸੈਨਾ ਤੇ ਹੋਰ ਦੇਸ਼ਾਂ ਦੀਆਂ ਸੈਨਾਵਾਂ ਨੇ ਮਿਲਕੇ ਮੋਸੂਲ ਉੱਤੇ ਹਮਲਾ ਕੀਤਾ ਹੈ ਜਿਸ ਵਿੱਚ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ। ਇਰਾਕੀ ਸੈਨਾ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਉਨ੍ਹਾਂ ਟਿਕਾਣਿਆਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਉੱਤੇ ਆਈ.ਐਸ. ਦੇ ਦਹਿਸ਼ਤਗਰਦਾਂ ਨੇ ਕਬਜ਼ਾ ਕੀਤਾ ਹੋਇਆ ਸੀ।
ਦੋ ਸਾਲ ਪਹਿਲਾਂ ਆਈ.ਐਸ. ਨੇ ਇਰਾਕ ਅਤੇ ਸੀਰੀਆ ਦੇ ਕਾਫ਼ੀ ਜ਼ਿਆਦਾ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਬਗ਼ਦਾਦੀ ਨੇ ਆਪਣੇ ਆਪ ਨੂੰ ਖ਼ਲੀਫ਼ਾ ਐਲਾਨ ਕਰਦਿਆਂ ਮੋਸੂਲ ਨੂੰ ਆਈ.ਐਸ. ਦਾ ਗੜ੍ਹ ਬਣਾ ਦਿੱਤਾ ਸੀ।