ਮੈਲਬਰਨ: ਵਿਦੇਸ਼ੀ ਧਰਤੀ ਆਸਟਰੇਲੀਆ ਵਿੱਚ ਵੱਸਦੇ ਤੇਜਿੰਦਰਪਾਲ ਸਿੰਘ ਨੇ ਅਹਿਮ ਪ੍ਰਾਪਤੀ ਸਦਕਾ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਤੇ ਸਿੱਖਾਂ ਦਾ ਮਾਣ ਹੋਰ ਵਧਾ ਦਿੱਤਾ ਹੈ। ਆਸਟਰੇਲੀਆ ਸਰਕਾਰ ਵੱਲੋਂ ਮੰਗਲਵਾਰ ਨੂੰ ਤੇਜਿੰਦਰਪਾਲ ਸਿੰਘ ਨੂੰ ਆਸਟਰੇਲੀਆ ਦਾ ਵੱਕਾਰੀ ਐਵਾਰਡ "ਆਸਟ੍ਰੇਲੀਅਨ ਆਫ ਦ ਈਅਰ ਸੀਰੀਜ਼"ਦੇਣ ਦਾ ਐਲਾਨ ਕੀਤਾ ਗਿਆ ਹੈ।


ਤੇਜਿੰਦਰਪਾਲ ਨੂੰ ਇਹ ਐਵਾਰਡ ਉੱਥੋਂ ਦੀ ਸਰਕਾਰ ਵੱਲੋਂ 25 ਜਨਵਰੀ 2017 ਨੂੰ ਕੈਨਬਰਾ ਵਿੱਚ ਕਰਵਾਏ ਜਾਣ ਵਾਲੇ ਵਿਸ਼ੇਸ਼ ਸਰਕਾਰੀ ਸਨਮਾਨ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਇਸ ਦੌਰਾਨ ਕੌਮੀ ਸਨਮਾਣ ਪ੍ਰਾਪਤ ਕਰਨ ਵਾਲੇ ਹੋਰ ਲੋਕ ਵੀ ਸ਼ਾਮਲ ਹੋਣਗੇ। ਤੇਜਿੰਦਰਪਾਲ ਆਪਣੇ ਪਰਿਵਾਰ ਸਮੇਤ 2006 ਵਿੱਚ ਆਸਟਰੇਲੀਆ ਜਾ ਕੇ ਵੱਸਿਆ ਸੀ ਤੇ ਟੈਕਸੀ ਡਰਾਈਵਰ ਹੈ।

ਆਪਣੇ ਕੰਮ ਤੋਂ ਇਲਾਵਾ ਤੇਜਿੰਦਰਪਾਲ ਹਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਨਾਰਦਨ ਡਾਰਵਿਨ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਮੁਫਤ ਭੋਜਨ ਛਕਾਉਣ ਦੀ ਸੇਵਾ ਕਰਦਾ ਹੈ। ਅਖਰੀਲੇ ਸ਼ਨੀਵਾਰ ਨੂੰ 12 ਘੰਟਿਆਂ ਦੀ ਡਰਾਈਵਿੰਗ ਡਿਊਟੀ ਕਰਨ ਉਪਰੰਤ ਤੇਜਿੰਦਰਪਾਲ
ਆਪਣੀ ਰਸੋਈ ਵਿੱਚ 5 ਘੰਟੇ ਖਾਣਾ ਬਣਾਉਣ ਦੀ ਸੇਵਾ ਕਰਦਾ ਹੈ। ਉਹ 80 ਕਿੱਲੋ ਕੜੀ-ਚਾਵਲ ਬਣਾ ਕੇ ਆਪਣੀ ਟੈਕਸੀ ਵਿੱਚ ਲੋੜਵੰਦ ਲੋਕਾਂ ਨੂੰ ਮੁਫਤ ਖਾਣਾ ਵੰਡਦਾ ਹੈ।

ਤੇਜਿੰਦਰਪਾਲ ਦੀ ਕਾਰ 'ਤੇ “free Indian food for hungry and needy people” ਦਾ ਪੋਸਟਰ ਲੱਗਿਆ ਹੁੰਦਾ ਹੈ। ਤੇਜਿੰਦਰਪਾਲ ਕਹਿੰਦੇ ਨੇ ਕਿ ਲੋਕ ਸੇਵਾ ਦਾ ਇਹ ਸੰਦੇਸ਼ ਉਸ ਨੂੰ ਸਿੱਖ ਧਰਮ ਤੋਂ ਹੀ ਮਿਲਿਆ ਹੈ ਤੇ ਉਸ ਦਾ ਸਿੱਖੀ ਸਿਧਾਤਾਂ ਵਿੱਚ ਅਟੱਲ ਵਿਸ਼ਵਾਸ ਹੈ। ਤੇਜਿੰਦਰਪਾਲ ਤੋਂ ਪ੍ਰਭਾਵਿਤ ਹੋ ਕੇ ਤਿੰਨ ਹੋਰ ਸੰਸਥਾਵਾਂ ਨੇ ਵੀ ਫਰੀ ਫੂਡ ਦਾ ਕਾਰਜ ਸ਼ੁਰੂ ਕੀਤਾ ਹੈ। ਤੇਜਿੰਦਰਪਾਲ ਦੀ ਇਸ ਨਿਸ਼ਕਾਮ ਸੇਵਾ ਸਦਕਾ ਹੀ ਸਰਕਾਰ ਨੇ ਉਸ ਨੂੰ ਆਸਟਰੇਲੀਆ ਦਾ 'ਲੋਕਲ ਹੀਰੋ' ਕਹਿੰਦਿਆਂ 'ਫੂਡ ਵੈਨ ਫਾਊਂਡਰ' ਦਾ ਖਿਤਾਬ ਦੇ ਕੇ ਵੱਕਾਰੀ ਐਵਾਰਡ ਦੇਣ ਲਈ ਚੁਣਿਆ ਹੈ।