ਨਵੀਂ ਦਿੱਲੀ: ਖ਼ਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟਸ ਦੇ ਮੁਖੀ ਅਬੂ ਬਕਰ ਅਲ-ਬਗ਼ਦਾਦੀ ਜਿਊਂਦਾ ਹੈ। ਬਗ਼ਦਾਦੀ ਨੇ ਪੰਜ ਸਾਲਾਂ ਬਾਅਦ ਵੀਡੀਓ ਜਾਰੀ ਕਰ ਹਾਲ ਹੀ ਵਿੱਚ ਸ਼੍ਰੀਲੰਕਾ 'ਚ ਹੋਏ ਅੱਤਵਾਦੀ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ਵੀਡੀਓ ਵਿੱਚ ਬਗ਼ਦਾਦੀ ਨੇ ਕਿਹਾ ਹੈ ਕਿ ਸ਼੍ਰੀਲੰਕਾ ਵਿੱਚ ਹਮਲੇ ਸੀਰੀਆ ਵਿੱਚ ਆਈਐਸਆਈਐਸ ਦੇ ਟਿਕਾਣੇ ਤਬਾਹ ਕਰਨ ਦਾ ਬਦਲਾ ਹੈ।

ਵੀਡੀਓ ਵਿੱਚ ਬਗ਼ਦਾਦੀ ਨਾਲ ਤਿੰਨ ਜਣੇ ਹੋਰ ਦਿਖਾਈ ਦੇ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਸੀਰੀਆ ਦੇ ਬਾਗੂਜ਼ ਵਿੱਚ ਲੜਾਈ ਪੂਰੀ ਹੋ ਗਈ ਹੈ। ਬਗ਼ਦਾਦੀ ਵੱਲੋਂ ਦੱਸੇ ਸ਼੍ਰੀਲੰਕਾ ਦੇ ਦਹਿਸ਼ਤੀ ਹਮਲੇ ਇਸਾਈਆਂ ਦੇ ਮਸ਼ਹੂਰ ਤਿਓਹਾਰ ਈਸਟਰ ਸੰਡੇ ਵਾਲੇ ਦਿਨ ਵਾਪਰੇ ਸਨ। ਤਿੰਨ ਥਾਵਾਂ 'ਤੇ ਸਿਲਸਿਲੇਵਾਰ ਧਮਾਕਿਆਂ ਵਿੱਚ 253 ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਲੋਕ ਜ਼ਖ਼ਮੀ ਹੋ ਗਏ ਸਨ। ਉਸ ਦਿਨ ਨੌਂ ਆਤਮਘਾਤੀ ਹਮਲਾਵਰਾਂ ਨੇ ਤਿੰਨ ਗਿਰਜਾਘਰਾਂ ਤੇ ਤਿੰਨ ਪੰਜ ਤਾਰਾ ਹੋਟਲਾਂ ਨੂੰ ਉਡਾ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਬਗ਼ਦਾਦੀ ਤੇ ਆਈਐਸ ਦਾ ਸੀਰੀਆ 'ਤੇ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਸੀ, ਉਨ੍ਹਾਂ 'ਤੇ ਹਮਲਾ ਕਰ ਅਮਰੀਕਾ ਨੇ ਆਈਐਸ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦੋਂ ਫ਼ਿਲਮਾਇਆ ਗਿਆ, ਪਰ ਬਗ਼ਦਾਦੀ ਨੇ ਪੂਰਬੀ ਸੀਰੀਆ ਵਿੱਚ ਆਈਐਸ ਦੇ ਆਖ਼ਰੀ ਗੜ੍ਹ ਬਾਗੂਜ਼ ਵਿੱਚ ਮਹੀਨਿਆਂ ਲੰਮੀ ਚੱਲੀ ਲੜਾਈ ਦਾ ਜ਼ਿਕਰ ਕੀਤਾ ਹੈ। ਇਸ ਇਲਾਕੇ ਵਿੱਚ ਪਿਛਲੇ ਮਹੀਨੇ ਹੀ ਲੜਾਈ ਖ਼ਤਮ ਹੋਈ ਹੈ। ਬਗ਼ਦਾਦੀ ਦਾ ਵੀਡੀਓ ਪੰਜ ਸਾਲ ਪਹਿਲਾਂ ਆਇਆ ਸੀ, ਜਿਸ ਮਗਰੋਂ ਕਈ ਵਾਰ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।