ਇੰਡੋਨੇਸ਼ੀਆ ਤੋਂ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਇਸਲਾਮਿਕ ਸਕੂਲ ਦੀ ਇਮਾਰਤ ਢਹਿ ਢੇਰੀ ਹੋ ਗਈ। AP ਦੀ ਰਿਪੋਰਟ ਮੁਤਾਬਕ, ਮਲਬੇ ਹੇਠਾਂ ਘੱਟੋ-ਘੱਟ 65 ਵਿਦਿਆਰਥੀਆਂ ਦੇ ਦਬੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਿਰਮਾਣਧੀਨ ਇਮਾਰਤ ਸੋਮਵਾਰ (29 ਸਤੰਬਰ, 2025) ਨੂੰ ਨਮਾਜ ਪੜ੍ਹ ਰਹੇ ਦਰਜਨਾਂ ਵਿਦਿਆਰਥੀਆਂ ਉੱਤੇ ਡਿੱਗ ਗਈ, ਜਿਸ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਕਈ ਜ਼ਖਮੀ ਹੋਏ ਅਤੇ ਹੋਰ ਕਈ ਮਲਬੇ ਹੇਠਾਂ ਦਬ ਗਏ। ਇਹ ਵਿਦਿਆਰਥੀ ਜ਼ਿਆਦਾਤਰ 12 ਤੋਂ 17 ਸਾਲ ਦੀ ਉਮਰ ਦੇ ਹਨ।
ਇਮਾਰਤ ਡਿੱਗਣ ਤੋਂ ਬਾਅਦ ਇਲਾਕੇ ਵਿੱਚ ਹਾਹਾਕਾਰ ਦਾ ਮਾਹੌਲ ਬਣ ਗਿਆ। ਮਾਪੇ ਅਤੇ ਰਿਸ਼ਤੇਦਾਰ ਸਕੂਲ ਕੈਂਪਸ ਅਤੇ ਹਸਪਤਾਲਾਂ ਵਿੱਚ ਇਕੱਠੇ ਹੋ ਗਏ ਅਤੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਦੁਆਵਾਂ ਕਰਨ ਲੱਗੇ। ਕਮਾਂਡ ਪੋਸਟ ‘ਤੇ ਲਗਾਏ ਨੋਟਿਸ ਬੋਰਡ ਅਨੁਸਾਰ, ਹੁਣ ਤੱਕ 65 ਵਿਦਿਆਰਥੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਕਈ ਪਰਿਵਾਰ ਆਪਣੇ ਬੱਚੇ ਦਾ ਨਾਮ ਗੁੰਮਸ਼ੁਦਾ ਸੂਚੀ ਵਿੱਚ ਦੇਖ ਕੇ ਫੁੱਟ-ਫੁੱਟ ਕੇ ਰੋ ਪਏ।
ਆਕਸੀਜਨ ਅਤੇ ਪਾਣੀ ਪਹੁੰਚਾਉਣ ਦੀ ਜੱਦੋ ਜਹਿਦ
ਬਚਾਅਕਰਮੀ, ਪੁਲਿਸ ਅਤੇ ਸੈਨੀਕਾਂ ਨੇ ਰਾਤ ਭਰ ਮੁਹਿੰਮ ਚਲਾਈ ਅਤੇ ਹੁਣ ਤੱਕ ਅੱਠ ਜ਼ਖਮੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਹੈ। ਰੈਸਕਿਊ ਟੀਮ ਮਲਬੇ ਹੇਠਾਂ ਦਬੇ ਵਿਦਿਆਰਥੀਆਂ ਤੱਕ ਆਕਸੀਜਨ ਸਿਲੰਡਰ ਅਤੇ ਪਾਣੀ ਦੀਆਂ ਬੋਤਲਾਂ ਪਹੁੰਚਾਉਣ ਵਿੱਚ ਲੱਗੀ ਰਹੀ ਤਾਂ ਕਿ ਉਹ ਜ਼ਿੰਦਾ ਰਹਿ ਸਕਣ। ਹਾਲਾਂਕਿ, ਬਚਾਅ ਮੁਹਿੰਮ ਬਹੁਤ ਚੁਣੌਤੀਪੂਰਨ ਹੈ ਕਿਉਂਕਿ ਕਨਕਰੀਟ ਦੇ ਭਾਰੇ ਸਲੈਬ ਅਤੇ ਡਿੱਗੀ ਹੋਈ ਇਮਾਰਤ ਦੇ ਅਸਥਿਰ ਹਿੱਸੇ ਕਿਸੇ ਵੀ ਵੇਲੇ ਡਿੱਗ ਸਕਦੇ ਹਨ। ਇਸੀ ਕਾਰਨ ਭਾਰੀ ਮਸ਼ੀਨਾਂ ਦਾ ਇਸਤੇਮਾਲ ਸੀਮਿਤ ਰੱਖਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।