ਵੈਨਕੂਵਰ: ਕੈਨੇਡਾ ਦੀ ਸੰਸਦ ਯਾਨੀ ਹਾਊਸ ਆਫ ਕਾਮਨਜ਼ ਵਿੱਚ ਬਤੌਰ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਪਹੁੰਚਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ। ਇਸ ਥਾਂ ਪਹੁੰਚਣ ਵਾਲੇ ਉਹ ਪਹਿਲੇ ਗ਼ੈਰ-ਚਿੱਟੀ ਚਮੜੀ ਤਬਕੇ ਤੋਂ ਆਉਣ ਵਾਲੇ ਪਹਿਲੇ ਵਿਅਕਤੀ ਹਨ। ਇੱਥੇ ਪਹੁੰਚਣ ਮਗਰੋਂ ਜਗਮੀਤ ਸਿੰਘ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਕੀਤੀ ਅਤੇ ਕੈਨੇਡਾ ਦੇ ਸਿਆਸੀ ਹਾਲਾਤ ਅਤੇ ਆਪਣੇ ਭਵਿੱਖ ਦੇ ਏਜੰਡਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਵਿਸ਼ੇਸ਼ ਇੰਟਰਵਿਊ ਦੌਰਾਨ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਸਰਕਾਰ ਨੂੰ ਹਰ ਪਾਸਿਓਂ ਘੇਰਿਆ। ਜਗਮੀਤ ਸਿੰਘ ਨੇ ਟਰੂਡੋ ਸਰਕਾਰ ਵੱਲੋਂ ਸਿੱਖਾਂ ਤੋਂ ਕੈਨੇਡਾ ਨੂੰ ਖ਼ਤਰਾ ਦੱਸਣ 'ਤੇ ਵੀ ਸਵਾਲ ਚੁੱਕੇ। ਦਰਅਸਲ, ਜਸਟਿਨ ਟਰੂਡੋ ਸਰਕਾਰ ਨੇ ਪਬਲਿਕ ਸੇਫ਼ਟੀ ਰਿਪੋਰਟ 'ਚ ਸਿੱਖਾਂ ਨੂੰ ਕੈਨੇਡਾ ਲਈ ਖ਼ਤਰਾ ਦੱਸਿਆ ਸੀ। ਇਸ 'ਤੇ ਜਗਮੀਤ ਸਿੰਘ ਨੇ ਕਿਹਾ ਕਿ ਸਿੱਖ ਕੈਨੇਡਾ ਲਈ ਖ਼ਤਰਾ ਨਹੀਂ ਹਨ।

ਜ਼ਰੂਰ ਪੜ੍ਹੋ- ਕੈਨੇਡਾ ਨੂੰ ਆਇਆ ਖ਼ਾਲਿਸਤਾਨੀਆਂ ਤੋਂ ਭੈਅ, ਸਰਕਾਰ ਨੂੰ ਕੀਤਾ ਚੌਕਸ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੀਆਂ ਖ਼ਰਾਬ ਅਤੇ ਸਖ਼ਤ ਧਾਰਨਾਵਾਂ ਆਪਣੀ ਕੌਮੀ ਰਿਪੋਰਟ ਵਿੱਚ ਲਿਖੇਗੀ ਤਾਂ ਨੌਜਵਾਨ ਪੀੜੀ 'ਤੇ ਖ਼ਤਰਨਾਕ ਪ੍ਰਭਾਵ ਪਵੇਗਾ। ਜਗਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਇਸ ਰਿਪੋਰਟ ਕਾਰਨ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਲੈਣ 'ਚ ਦਿੱਕਤ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸੇ ਖ਼ਾਸ ਤਬਕੇ ਨੂੰ ਬਗ਼ੈਰ ਕਿਸੇ ਠੋਸ ਸਬੂਤ ਦੇ ਕੌਮੀ ਰਿਪੋਰਟ ਵਿੱਚ ਖ਼ਤਰਾ ਦੱਸੇਗੀ ਤਾਂ ਇਹ ਉਸ ਭਾਈਚਾਰੇ ਖ਼ਿਲਾਫ਼ ਨਸਲੀ ਅਤੇ ਨਫ਼ਰਤੀ ਅਪਰਾਧ ਵਧਾਉਣ ਨੂੰ ਉਤਸ਼ਾਹਤ ਕਰ ਸਕਦਾ ਹੈ।

ਜਗਮੀਤ ਸਿੰਘ ਨੇ ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਦਹਿਸ਼ਤੀ ਹਮਲੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਨਫ਼ਰਤ ਫੈਲਾਈ ਜਾਂਦੀ ਹੈ ਤਾਂ ਉੱਥੇ ਕਤਲੋਗਾਰਤ ਵੀ ਹੋ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਟਰੂਡੋ ਸਰਕਾਰ ਵਿੱਚ ਸਿੱਖ ਮੰਤਰੀਆਂ ਦੇ ਹੁੰਦੇ ਇਹ ਰਿਪੋਰਟ ਕਿਵੇਂ ਛਾਪੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਚਿੱਠੀ ਲਿਖੀ ਸੀ, ਜਿਸ ਦਾ ਜਵਾਬ ਨਹੀਂ ਮਿਲਿਆ। ਜਗਮੀਤ ਸਿੰਘ ਇਹ ਮਸਲਾ ਹੁਣ ਲੋਕਾਂ 'ਚ ਲੈ ਕੇ ਜਾਣਗੇ।

ਜ਼ਿਕਰਯੋਗ ਹੈ ਕਿ ਦਸੰਬਰ 2018 ਵਿੱਚ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਲਫ ਗੂਡੇਲ ਨੇ ਕੈਨੇਡਾ ਨੂੰ ਦਹਿਸ਼ਤੀ ਹਮਲਿਆਂ ਤੋਂ ਖ਼ਤਰਿਆਂ ਸਬੰਧੀ ਤਿਆਰ ਪਬਲਿਕ ਸੇਫ਼ਟੀ ਰਿਪੋਰਟ 2018 ਦੇ ਮਹੱਤਵਪੂਰਨ ਤੱਥ ਪੜ੍ਹਦਿਆਂ ਦੇਸ਼ ਨੂੰ ਨਵੇਂ ਵੱਖਵਾਦੀ ਤੇ ਕੱਟੜਪੰਥੀ ਖ਼ਤਰਿਆਂ ਬਾਰੇ ਦੱਸਿਆ ਸੀ। ਇਹ ਰਿਪੋਰਟ ਸੰਸਦ ਦੀ ਕੌਮੀ ਸੁਰੱਖਿਆ ਤੇ ਖ਼ੁਫ਼ੀਆ ਕਮੇਟੀ ਨੇ ਤਿਆਰ ਕੀਤੀ ਸੀ। ਗੂਡੇਲ ਮੁਤਾਬਕ ਸੁੰਨੀ ਕੱਟੜਵਾਦੀ ਸੰਗਠਨ ਇਸਲਾਮਿਕ ਸਟੇਟਸ ਤੇ ਅਲਕਾਇਦਾ ਨੂੰ ਕੈਨੇਡਾ ਲਈ ਗੰਭੀਰ ਖ਼ਤਰਾ ਮੰਨਿਆ, ਇਸ ਤੋਂ ਇਲਾਵਾ ਮੰਤਰੀ ਨੇ ਸ਼ੀਆ ਮੁਸਲਮਾਨ ਤੇ ਸਿੱਖਾਂ ਨੂੰ ਕੈਨੇਡਾ ਲਈ ਚਿੰਤਾ ਦਾ ਵਿਸ਼ਾ ਦੱਸਿਆ ਸੀ। ਹਾਲਾਂਕਿ, ਬਾਅਦ ਵਿੱਚ ਆਪਣੇ ਮੰਤਰੀਆਂ ਵੱਲੋਂ ਇਤਰਾਜ਼ ਜ਼ਾਹਰ ਕਰਨ 'ਤੇ ਇਸ ਵਿੱਚੋਂ ਸਿੱਖ ਸ਼ਬਦ ਨੂੰ ਹਟਾ ਲਿਆ ਸੀ, ਪਰ ਜਗਮੀਤ ਸਿੰਘ ਇਸ ਨੂੰ ਸ਼ਾਮਲ ਕੀਤੇ ਜਾਣ ਦੇ ਕਾਰਨਾਂ ਬਾਰੇ ਜਵਾਬ ਮੰਗ ਰਹੇ ਹਨ।

ਦੇਖੋ ਵੀਡੀਓ: