ਆਕਲੈਂਡ:  ਬੀਤੇ ਐਤਵਾਰ ਮੈਲਬੌਰਨ (ਆਸਟ੍ਰੇਲੀਆ) ਵਿਖੇ ਕਰਵਾਏ ਗਏ ਮਿਸ, ਮਿਸਿਜ਼ ਅਤੇ ਮਿਸਟਰ ਸ਼੍ਰੇਣੀ ਦੇ 'ਗਲੈਮਰਸ-2017' ਦੇ ਮੁਕਾਬਲਿਆਂ ਵਿਚ 'ਮਿਸ ਆਸਟ੍ਰੇਲੀਆ-2017' ਦਾ ਖਿਤਾਬ ਨਿਊਜ਼ੀਲੈਂਡ ਤੋਂ ਗਈ ਜਸਦੀਪ ਕੌਰ ਬਸਰਾ ਨੇ ਜਿੱਤਿਆ।


ਜਸਦੀਪ ਕੌਰ ਬਸਰਾ ਨੂੰ 'ਮਿਸ ਆਸਟ੍ਰੇਲੀਆ-2017' ਦਾ ਤਾਜ 1994 'ਚ ਮਿਸ ਯੂਨੀਵਰਸ ਰਹਿ ਚੁੱਕੀ ਅਤੇ ਭਾਰਤੀ ਬਾਲੀਵੁੱਡ ਅਦਾਕਾਰਾ ਸ਼ੁਸ਼ਮਿਤਾ ਸੇਨ ਨੇ ਪਹਿਣਾਇਆ। ਇਸ ਐਵਾਰਡ 'ਚ ਕੈਸ਼ ਪ੍ਰਾਈਜ਼ ਅਤੇ ਕੁਝ ਵਾਊਚਰ ਵੀ ਦਿੱਤੇ ਗਏ। ਸ਼ੁਸ਼ਮਿਤਾ ਸੇਨ ਨੇ ਮੁਕਾਬਲੇ ਵਿਚ ਸ਼ਾਮਿਲ ਤਿੰਨ ਕੁੜੀਆਂ ਨੂੰ ਅਚਨਚੇਤ ਦਿਮਾਗ਼ ਵਿਚ ਆਏ ਸਵਾਲ ਪੁੱਛੇ ਜਿਨ੍ਹਾਂ ਵਿਚੋਂ ਇਕ ਜਸਦੀਪ ਕੌਰ ਬਸਰਾ ਵੀ ਸੀ। ਇਸ ਕੁੜੀ ਦੇ ਜਵਾਬ 'ਤੇ ਖ਼ੂਬ ਤਾੜੀਆਂ ਵੱਜੀਆਂ। ਇਸ ਕੁੜੀ ਨੇ ਸਟੇਜ 'ਤੇ ਪੰਜਾਬੀ ਭੰਗੜਾ ਅਤੇ ਗਿੱਧੇ ਦੇ ਸਟੈਪ ਵੀ ਕੀਤੇ।

ਜਸਦੀਪ ਨਿਊਜ਼ੀਲੈਂਡ 'ਚ ਜੰਮੀ ਹੈ ਤੇ ਮਾਤਾ-ਪਿਤਾ ਦਾ ਜੱਦੀ ਪਿੰਡ ਖਾਨਪੁਰ (ਹੁਸ਼ਿਆਰਪੁਰ) ਹੈ ਪਰ ਇਨ੍ਹਾਂ ਨੇ ਆਪਣਾ ਘਰ ਪਿੰਡ ਕਠਾਰ ਨੇੜੇ ਆਦਮਪੁਰ ਬਣਾ ਲਿਆ ਸੀ। ਇਹ ਪਰਿਵਾਰ ਸੰਨ 1981 'ਚ ਇਥੇ ਆ ਗਿਆ ਸੀ।

ਜਸਦੀਪ ਕੌਰ ਬਸਰਾ ਇਸ ਤੋਂ ਪਹਿਲਾਂ 2016 'ਚ ਮਿਸ ਇੰਡੀਆ ਐੱਨਜ਼ੱਡ ਦੀ ਉਪ ਜੇਤੂ ਰਹਿ ਚੁੱਕੀ ਹੈ ਅਤੇ ਅਧਿਆਪਨ ਦੇ ਨਾਲ-ਨਾਲ ਇਹ ਕੁੜੀ ਵਿਰਸਾ ਅਕੈਡਮੀ ਦੇ ਬੱਚਿਆਂ ਨੂੰ ਗਿੱਧਾ ਅਤੇ ਭੰਗੜਾ ਵੀ ਸਿਖਾਉਂਦੀ ਹੈ।