ਲੰਡਨ: ਯੂਕੇ 'ਚ ਇੱਕ 36 ਭਾਰਤੀ ਮਹਿਲਾ ਵੱਲੋਂ ਬ੍ਰੇਨ ਕੈਂਸਰ ਦਾ ਨਾਟਕ ਕਰਕੇ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਸਵਾ ਦੋ ਕਰੋੜ ਰੁਪਏ ਤੋਂ ਵੀ ਵੱਧ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ। ਜੈਸਮੀਨ ਮਿਸਤ੍ਰੀ ਨਾਂ ਦੀ ਔਰਤ ਨੂੰ ਇਸ ਦੋਸ਼ 'ਚ ਯੂਕੇ ਕੋਰਟ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ।


ਸਾਲ 2013 'ਚ ਜੈਸਮੀਨ ਨੇ ਆਪਣੇ ਪਤੀ ਵਿਜੇ ਕਟੇਚਿਆ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਹੈ ਤੇ ਨਾਲ ਹੀ ਉਸ ਨੇ ਕੁਝ ਵ੍ਹੱਸਟਐਪ ਸੁਨੇਹੇ ਦਿਖਾਏ ਤੇ ਕਿਹਾ ਕਿ ਇਹ ਡਾਕਟਰ ਵੱਲੋਂ ਭੇਜੇ ਮੈਸੇਜ ਹਨ। ਉਨ੍ਹਾਂ ਸੁਨੇਹਿਆਂ ਵਿੱਚ ਉਸ ਦੇ ਕੈਂਸਰ ਪੀੜਤ ਹੋਣ ਦੀ ਗੱਲ ਕਹੀ ਗਈ ਸੀ।



ਉਸ ਨੇ ਦੱਸਿਆ ਕਿ ਅਮਰੀਕਾ ਵਿੱਚ ਦਿਮਾਗ ਦੇ ਕੈਂਸਰ ਦਾ ਇਲਾਜ 4,51,02,855 ਰੁਪਏ ਵਿੱਚ ਹੋ ਸਕਦਾ ਹੈ, ਜਿਸ ਤੋਂ ਬਾਅਦ ਜੈਸਮੀਨ ਦੇ ਪਤੀ ਕਟੇਚਿਆ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਪੈਸੇ ਇਕੱਠੇ ਕਰਕੇ ਉਸ ਨੂੰ ਇਲਾਜ ਲਈ ਦਿੱਤੇ। ਸਾਲ 2015 ਤੋਂ 2017 ਤਕ ਪੈਸੇ ਇਕੱਠੇ ਕਰਨ ਦੀ ਮੁਹਿੰਮ ਚੱਲਦੀ ਰਹੀ।

ਇਸ ਦੌਰਾਨ ਕਟੇਚਿਆ ਦੇ ਦੋਸਤ ਨੇ ਜੈਸਮੀਨ ਦੇ ਬ੍ਰੇਨ ਕੈਂਸਰ ਦਾ ਸਕੈਨ ਦੇਖਿਆ ਤਾਂ ਪਤਾ ਲੱਗਾ ਕਿ ਉਸ ਨੇ ਇਹ ਸਕੈਨ ਗੂਗਲ ਤੋਂ ਡਾਊਨਲੋਡ ਕੀਤਾ ਹੈ। ਇਸ ਤੋਂ ਬਾਅਦ ਉਹ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਤੋਂ ਜੈਸਮੀਨ ਮੈਸੇਜ ਭੇਜ ਰਹੀ ਸੀ। ਇਹ ਵੀ ਪਤਾ ਲੱਗਾ ਕਿ ਜੈਸਮੀਨ ਨੇ ਦੂਜਾ ਸਿਮ ਕਾਰਡ ਵਰਤ ਕੇ ਆਪਣੇ ਆਪ ਨੂੰ ਖ਼ੁਦ ਹੀ ਇਹ ਮੈਸੇਜ ਭੇਜੇ ਸਨ। ਇਸ ਤੋਂ ਬਾਅਦ ਜੈਸਮੀਨ ਨੂੰ ਸਵੀਕਾਰ ਕਰਨਾ ਪਿਆ ਕਿ ਉਹ ਝੂਠ ਬੋਲ ਰਹੀ ਸੀ ਤੇ ਹੁਣ ਉਹ ਚਾਰ ਸਾਲਾਂ ਤਕ ਜੇਲ੍ਹ ਵਿੱਚ ਰਹੇਗੀ।