ਟੋਕੀਓ: ਜਾਪਾਨ ਦੇ ਤੋਕੂਸ਼ੀਮਾ ਵਿੱਚ ਕੱਲ੍ਹ ਜੇਬੀ ਤੂਫਾਨ ਕਾਰਨ ਜਾਨ-ਮਾਲ ਨੂੰ ਭਾਰੀ ਨੁਕਸਾਨ ਪੁੱਜਾ। ਇਸ ਸ਼ਕਤੀਸ਼ਾਲੀ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 200 ਜ਼ਖ਼ਮੀ ਹੋ ਗਏ। ਵੱਡੀ ਗਿਣਤੀ ਇਮਾਰਤਾਂ ਤੇ ਵਾਹਨ ਤਬਾਹ ਹੋ ਗਏ। ਹਵਾਈ ਤੇ ਰੇਲ ਸੇਵਾਵਾਂ ਠੱਪ ਕਰਨੀਆਂ ਪਈਆਂ। ਇੱਕ ਇਮਾਰਤ ਦੀ ਤਾਂ ਛੱਤ ਹੀ ਹਵਾ ਵਿੱਚ ਉੱਡ ਗਈ। ਇੱਥੋਂ ਤਕ ਕਿ ਪਾਰਕਿੰਗ ਵਿੱਚ ਲੱਗੇ ਵਾਹਨਾਂ ਨੂੰ ਵੀ ਆਪਸ ਵਿੱਚ ਟਰਕਾਉਣ ਕਰਕੇ ਅੱਗ ਲੱਗ ਗਈ।

ਤੂਫਾਨ ਕਾਰਨ ਕੌਮਾਂਤਰੀ ਕੰਸਾਈ ਹਵਾਈ ਅੱਡਾ ਵੀ ਬੰਦ ਕਰਨਾ ਪਿਆ। ਹਵਾਈ ਅੱਡੇ ’ਤੇ ਕੱਲ੍ਹ ਦੁਪਹਿਰ 209 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ। ਤੇਜ਼ ਹਵਾਵਾਂ ਕਾਰਨ ਓਸਾਕਾ ਪ੍ਰਾਂਤ ਵਿੱਚ ਯੂਨੀਵਰਸਲ ਸਟੂਡੀਓ ਵੀ ਬੰਦ ਕਰਨਾ ਪਿਆ। ਕੰਸਾਈ ਪ੍ਰਾਂਤ ਵਿੱਚ ਲਗਪਗ 16.1 ਲੱਖ ਘਰਾਂ ਤੇ ਸ਼ਿਕੋਕੂ ਪ੍ਰਾਂਤ ਵਿੱਚ ਲਗਪਗ 95 ਹਜ਼ਾਰ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ। ਹੜ੍ਹ ਕਾਰਨ ਕਰੀਬ 3 ਹਜ਼ਾਰ ਲੋਕ ਫਸੇ ਹੋਏ ਹਨ।

ਜਾਪਾਨ ਮੌਸਮ ਏਜੰਸੀ (ਜੇਐਮਏ) ਨੇ ਕਿਹਾ ਕਿ ਤੋਕੂਸ਼ੀਮਾ ਪ੍ਰਾਂਤ ਤੋਂ ਗੁਜ਼ਰਨ ਬਾਅਦ ਤੂਫਾਨ ਜਾਪਾਨ ਸਾਗਰ ਵੱਲ ਵਧ ਰਿਹਾ ਹੈ। ਇੱਥੋਂ ਇਸ ਦੇ ਉੱਤਰ ਦਿਸ਼ਾ ਵੱਲ ਵਧਣ ਦਾ ਖ਼ਦਸ਼ਾ ਹੈ। ਏਜੰਸੀ ਮੁਤਾਬਕ 216 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਲੋਕਾਂ ਨੂੰ ਭਾਰੀ ਬਾਰਸ਼, ਤੇਜ਼ ਹਵਾਵਾਂ ਤੇ ਲੈਂਡ ਸਲਾਈਡ ਦੀ ਚੇਤਾਵਨੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 1993 ਦੇ ਬਾਅਦ ਇਹ ਹੁਣ ਤਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।