ਲਾਹੌਰ: ਗੁਆਂਢੀ ਮੁਲਕ ਪਾਕਿਸਤਾਨ ਵਿੱਚ ਸੁਰੱਖਿਆ ਬਲ ਦੀ ਮਹਿਲਾ ਨੂੰ ਮਹਿਜ਼ ਇਸ ਲਈ ਸਜ਼ਾ ਦਿੱਤੀ ਗਈ ਕਿਉਂਕਿ ਉਸ ਨੇ ਭਾਰਤੀ ਗੀਤ ਗਾਇਆ। ਪਾਕਿਸਤਾਨ ਦੇ ਹਵਾਈ ਅੱਡੇ ’ਤੇ ਸੁਰੱਖਿਆ ਬਲਾਂ ਦੀ ਮਹਿਲਾ ਮੁਲਾਜ਼ਮ ਨੇ ਪਾਕਿਸਤਾਨੀ ਝੰਡੇ ਵਾਲੀ ਟੋਪੀ ਪਾ ਕੇ ਭਾਰਤੀ ਗੀਤ ਗੁਨਗਨਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਸ ਨੂੰ ਸਜ਼ਾ ਦਿੱਤੀ ਗਈ। ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਹਵਾਈ ਅੱਡਾ ਸੁਰੱਖਿਆ ਬਲ (ਏਐਸਐਫ) ਨੇ ਕੋਡ ਆਫ ਕੰਡਕਟ ਦੇ ਉਲੰਘਣ ਲਈ 25 ਸਾਲ ਦੀ ਮਹਿਲਾ ਮੁਲਾਜ਼ਮ ਦੀ ਤਨਖ਼ਾਹ ਤੇ ਭੱਤਿਆਂ ਵਿੱਚ ਦੋ ਸਾਲਾਂ ਤਕ ਵਾਧੇ ’ਤੇ ਰੋਕ ਲਾ ਦਿੱਤੀ ਹੈ। ਅਧਿਕਾਰੀਆਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਦੁਬਾਰਾ ਇੰਝ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।
ਦੇਸ਼ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਵੱਲ ਦੋਸਤੀ ਦਾ ਇੱਕ ਕਦਮ ਅੱਗੇ ਵਧਾਏਗਾ ਤਾਂ ਉਹ ਦੋ ਕਦਮ ਵਧਾਉਣਗੇ ਪਰ ਇਸ ਮਾਮਲੇ ਬਾਅਦ ਕਈ ਸਵਾਲ ਉੱਠ ਰਹੇ ਹਨ ਕਿ ਜੇ ਮਹਿਜ਼ ਭਾਰਤੀ ਗੀਤ ਗਾਉਣ ’ਤੇ ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਦੋਸਤੀ ਬਾਰੇ ਤਾਂ ਫਿਰ ਸੋਚਿਆ ਵੀ ਨਹੀਂ ਜਾ ਸਕਦਾ।