ਮੁੰਬਈ: ਪਿਛਲੇ ਲੰਮੇ ਸਮੇਂ ਤੋਂ ਆਪਣੇ ਵਿੱਤੀ ਘਾਟੇ ਲਈ ਚਰਚਾ ਵਿੱਚ ਉਡਾਣ ਕੰਪਨੀ ਜੈੱਟ ਏਅਰਵੇਜ਼ ਦੇ ਜਹਾਜ਼ ਨੂੰ ਐਮਸਟ੍ਰਡਮ ਵਿੱਚ ਜ਼ਬਤ ਕਰ ਲਿਆ ਗਿਆ ਹੈ। ਯੂਰਪੀ ਕਾਰਗੋ ਸੇਵਾ ਨੇ ਮੁੰਬਈ ਤੋਂ ਐਮਸਟ੍ਰਡਮ ਆਈ ਉਡਾਣ ਨੂੰ ਬਕਾਇਆ ਰਾਸ਼ੀ ਨਾ ਦੇਣ ਕਾਰਨ ਜ਼ਬਤ ਕਰ ਲਿਆ ਗਿਆ ਹੈ।


ਜੈੱਟ ਏਅਰਵੇਜ਼ ਦਾ ਬੋਇੰਗ 777-300 ਜਹਾਜ਼ ਉਡਾਣ (9W 321) ਨੂੰ ਆਪਣੇ ਬਕਾਏ ਨਾ ਅਦਾ ਕਰਨ ਕਾਰਨ ਵਾਪਸ ਮੁੰਬਈ ਨਹੀਂ ਪਰਤਣ ਦਿੱਤਾ ਗਿਆ। ਇਹ ਦੇਣਦਾਰੀਆਂ ਕਿੰਨੀਆਂ ਸਨ, ਇਸ ਬਾਰੇ ਸਾਫ ਨਹੀਂ ਹੋ ਸਕਿਆ ਹੈ। ਇਹ ਉਡਾਣ ਭਾਰਤ ਤੋਂ ਬੀਤੇ ਮੰਗਲਵਾਰ ਨੂੰ ਉੱਡੀ ਸੀ ਅਤੇ ਇਸ ਨੇ ਵੀਰਵਾਰ ਨੂੰ ਵਾਪਸ ਪਰਤਣਾ ਸੀ। ਹੁਣ ਕੰਪਨੀ ਕਹਿ ਰਹੀ ਹੈ ਕਿ ਇਹ ਜਹਾਜ਼ 10 ਅਪਰੈਲ ਨੂੰ ਉੱਡੇਗਾ।

ਜ਼ਿਕਰਯੋਗ ਹੈ ਕਿ ਹੁਣ ਜੈੱਟ ਏਅਰਵੇਜ਼ ਦੇ 123 ਵਿੱਚੋਂ ਸਿਰਫ 25 ਜਹਾਜ਼ ਹੀ ਉੱਡ ਰਹੇ ਹਨ, ਜਦਕਿ ਬਾਕੀਆਂ ਨੂੰ ਜ਼ਮੀਨ 'ਤੇ ਉਤਾਰ ਦਿੱਤਾ ਗਿਆ ਹੈ। ਕੰਪਨੀ ਦੀ ਮਾੜੀ ਵਿੱਤੀ ਹਾਲਤ ਕਰਕੇ 16,000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਬਕਾਇਆ ਹਨ।