ਅੰਮਿ੍ਤਸਰ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਤਕਰੀਬਨ ਤਿੰਨ ਘੰਟੇ ਦੇ ਕਰੀਬ ਗੁਰੂ ਨਗਰੀ 'ਚ ਰਹੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਜਸਟਿਨ ਟਰੂਡੋ ਦਾ ਵਿਸ਼ੇਸ਼ ਜਹਾਜ਼ ਸਵੇਰੇ 10.30 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇਗਾ। ਉਪਰੰਤ 11 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਪੁੱਜਣਗੇ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਨੁਸਾਰ ਜਸਟਿਨ ਟਰੂਡੋ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ 'ਚ ਸੇਵਾ ਕਰ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ 12 ਵਜੇ ਦੇ ਕਰੀਬ ਪਾਰਟੀਸ਼ਨ ਮਿਊਜ਼ੀਅਮ ਲਈ ਰਵਾਨਾ ਹੋਣਗੇ। ਇਥੇ 20 ਕੁ ਮਿੰਟ ਦੇ ਕੀਰਬ ਸਮਾਂ ਬਿਤਾ ਕੇ ਟਰੂਡੋ ਇਕ ਪੰਜ ਸਿਤਾਰਾ ਹੋਟਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ।
ਟਰੂਡੋ ਪਰਿਵਾਰ ਤੇ ਨਾਲ ਆਏ ਮੰਤਰੀਆਂ ਲਈ ਪੰਜਾਬ ਸਰਕਾਰ ਵਲੋਂ ਦੁਪਹਿਰ ਦਾ ਖਾਣਾ ਵੀ ਇਥੇ ਹੀ ਰੱਖਿਆ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਸਟਿਨ ਟਰੂਡੋ 1.10 ਵਜੇ ਦੇ ਕਰੀਬ ਆਪਣੇ ਹਵਾਈ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋ ਜਾਣਗੇ।