ਚੰਡੀਗੜ੍ਹ: ਭਾਰਤ ਸਰਕਾਰ ਨੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਸ਼ੁਰੂ ਕਰਨ ਲਈ ਪਹਿਲਕਦਮੀ ਕੀਤੀ ਹੈ। ਹਾਲਾਂਕਿ, ਮੋਦੀ ਸਰਕਾਰ ਦੋ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਡੇਰਾ ਬਾਬਾ ਨਾਨਕ ਵਿਖੇ ਬਣਾਏ ਵਿਸ਼ੇਸ਼ ਦਰਸ਼ਨ ਸਥਾਨ 'ਤੇ ਨਵੇਂ ਟੈਲੀਸਕੋਪ ਲਾਉਣ ਦੀ ਗੱਲ ਕਰ ਰਹੀ ਸੀ, ਪਰ ਵੀਰਵਾਰ ਨੂੰ ਅਚਾਨਕ ਸਰਕਾਰ ਨੇ ਬੇਹੱਦ ਨਰਮਾਈ ਦਿਖਾਉਂਦਿਆਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉੱਧਰ, ਪਾਕਿਸਤਾਨ ਨੇ ਵੀ ਆਪਣੇ ਖਿੱਤੇ ਵਿੱਚ ਗਲਿਆਰੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਹੈ।


ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕਰਤਾਰਪੁਰ ਸਾਹਿਬ ਦੇ ਗਲਿਆਰੇ ਦੀ ਉਸਾਰੀ ਸ਼ੁਰੂ ਕਰਵਾਉਣ ਸਬੰਧੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ, ਪਰ ਤਾਰੀਖ਼ ਤੈਅ ਨਾ ਹੋਣ ਕਾਰਨ ਐਲਾਨ ਨਹੀਂ ਸੀ ਕੀਤਾ। ਭਾਰਤ ਦੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਕੁਝ ਹੀ ਸਮੇਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰ ਦੱਸਿਆ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਉਂਦੀ 28 ਨਵੰਬਰ ਤੋਂ ਕਰਤਾਰਪੁ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਗਲਿਆਰੇ ਦੀ ਉਸਾਰੀ ਲਈ ਟੱਕ ਲਾ ਕੇ ਸ਼ੁਰੂਆਤ ਕਰਨਗੇ।


ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਦਾਅਵੇ ਮੁਤਾਬਕ ਪਾਕਿਸਤਾਨ ਸਰਕਾਰ ਪਹਿਲਾਂ ਹੀ ਇਸ ਗਲਿਆਰੇ ਦੀ ਉਸਾਰੀ ਲਈ ਤਿਆਰ ਸੀ ਅਤੇ ਉਹ ਵਾਰ-ਵਾਰ ਭਾਰਤ ਸਰਕਾਰ ਨੂੰ ਅਪੀਲ ਕਰਦੇ ਰਹੇ। ਪਰ ਸਿੱਧੂ ਵੱਲੋਂ ਚੁੱਕਿਆ ਮੁੱਦਾ ਉਨ੍ਹਾਂ ਦੀ ਪਾਕਿਸਤਾਨ ਫ਼ੌਜ ਮੁਖੀ ਜਾਵੇਦ ਕਮਰ ਬਾਜਵਾ ਨੂੰ ਪਾਈ ਜੱਫੀ ਦੀ ਭੇਟ ਚੜ੍ਹ ਗਿਆ। ਅੱਗੇ ਭਾਰਤ ਨੇ ਵੀ ਅੱਤਵਾਦੀ ਗਤੀਵਿਧੀਆਂ ਕਾਰਨ ਸੰਯੁਕਤ ਰਾਸ਼ਟਰ ਵਿੱਚ ਹੋਣ ਵਾਲੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਰੱਦ ਕਰ ਦਿੱਤਾ ਤੇ ਮਾਮਲਾ ਠੰਢੇ ਬਸਤੇ 'ਚ ਪੈ ਗਿਆ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨਹੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਰਾਜ਼ੀ, ਟੈਲੀਸਕੋਪ ਲਾ ਕੇ ਸਾਰੇਗੀ ਕੰਮ

ਹੁਣ ਅਚਾਨਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਅੱਗੜ-ਪਿੱਛੜ ਐਲਾਨ ਕਰਕੇ ਕਰਤਾਰਪੁਰ ਸਾਹਿਬ ਦੇ ਮਸਲੇ 'ਤੇ ਸਿੱਖਾਂ ਦੇ ਮਨਾਂ ਨੂੰ ਕਾਫੀ ਠੰਢਕ ਪਹੁੰਚਾ ਦਿੱਤੀ ਹੈ। ਆਉਂਦਾ ਸਾਲ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਕਰਨ ਲਈ ਸਿੱਖ ਸੰਸਥਾਵਾਂ ਤੇ ਪੰਜਾਬ ਦੇ ਨਾਲ-ਨਾਲ ਭਾਰਤ ਸਰਕਾਰ ਵੀ ਪੱਬਾਂ ਭਾਰ ਹੋਈ ਹੋਈ ਹੈ। ਕਾਰਨ ਸਾਫ਼ ਹੈ ਕਿ ਆਉਂਦੇ ਵਰ੍ਹੇ ਲੋਕ ਸਭਾ ਚੋਣਾਂ ਦੌਰਾਨ ਐਨਡੀਏ ਸਰਕਾਰ ਸੱਤਾ 'ਤੇ ਮੁੜ ਕਾਬਜ਼ ਹੋਣ ਅਤੇ ਪੰਜਾਬ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਪਾਰ ਲਾਉਣ ਲਈ, ਦੋਵਾਂ ਪਾਸੇ ਇਹ ਕਦਮ ਸਹਾਈ ਸਿੱਧ ਹੋਵੇਗਾ।


ਜਿੱਥੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਿੱਖ ਹਿਤੈਸ਼ੀ ਬਣਨ ਲਈ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੀ ਦੌੜ ਵਿੱਚ ਹਨ ਉੱਥੇ ਭਾਰਤ ਵਿੱਚ ਕਰਤਾਰਪੁਰ ਸਾਹਿਬ ਦੀ ਮੰਗ ਚੁੱਕਣ ਵਾਲੀ ਹਰ ਧਿਰ ਆਪਣੀ ਪਿੱਠ ਥਾਪੜ ਰਹੀ ਹੈ ਅਤੇ ਨਾਲ ਹੀ ਮੋਦੀ ਸਰਕਾਰ ਤੇ ਇਮਰਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਵੀ ਹੋ ਰਹੀ ਹੈ। ਭਾਰਤ ਵੱਲੋਂ ਐਲਾਨ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਨੀਂਹ ਪੱਥਰ ਰੱਖਣ ਦਾ ਦਿਨ ਵੀ ਤੈਅ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਗਲਿਆਰੇ ਦਾ ਕਾਰਜ ਸ਼ੁਰੂ ਕਰਨ ਤੇ ਅੰਜਾਮ ਤਕ ਪਹੁੰਚਾਉਣ ਵਿੱਚ ਵੀ ਇਹੋ ਮੁਕਾਬਲੇਬਾਜ਼ੀ ਜਾਰੀ ਰਹੇਗੀ ਜਾਂ ਮਿਲ ਕੇ ਚੱਲਣ 'ਤੇ ਵੀ ਸਹਿਮਤੀ ਬਣੇਗੀ?

ਇਹ ਵੀ ਪੜ੍ਹੋ: ਚੋਣਾਂ ਨੇੜੇ ਵੇਖ ਅਕਾਲੀਆਂ ਨੇ ਮੋਦੀ ਨੂੰ ਚੇਤੇ ਕਰਵਾਇਆ ਬਾਬਾ ਨਾਨਕ..!