ਨਿਊਯਾਰਕ: ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ ਵਿੱਚ ਆਪਣੇ ਤੋਂ ਅੱਧੀ ਉਮਰ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 'ਤੇ ਲੜਕੀ ਨੂੰ ਸੋਸ਼ਲ ਮੀਡੀਆ ਐਪਲੀਕੇਸ਼ਨ ਰਾਹੀਂ ਵਰਗਲਾਉਣ ਤੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਹਨ।
ਮੁਲਜ਼ਮ ਦੀ ਸ਼ਨਾਖ਼ਤ ਨਿਊਯਾਰਕ ਦੇ ਬੁਫਲੋ ਸਿਟੀ ਦੇ ਰਹਿਣ ਵਾਲੇ ਸਚਿਨ ਅਜੀ ਭਾਸਕਰ ਵਜੋਂ ਹੋਈ ਹੈ। ਉਸ ਨੇ ਖ਼ੁਦ ਨੂੰ 15 ਸਾਲ ਦਾ ਦੱਸ ਕੇ ਸੋਸ਼ਲ ਮੀਡੀਆ ਐਪ ਰਾਹੀਂ ਅਗਸਤ ਵਿੱਚ ਉਸੇ ਸ਼ਹਿਰ ਦੀ 11 ਸਾਲਾ ਕੁੜੀ ਨਾਲ ਸੰਪਰਕ ਬਣਾਇਆ। ਉਸ ਨੇ ਉਸ ਨੂੰ ਕਾਰ ਵਿੱਚ ਬਿਠਾਇਆ ਤੇ ਤਿੰਨ ਘੰਟਿਆਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾ ਕੇ ਉਸ ਦੇ ਘਰ ਛੱਡ ਦਿੱਤਾ।
ਭਾਸਕਰ ਵਿਰੁੱਧ ਐਫਬੀਆਈ ਦੀ ਬੱਚਾ ਸ਼ੋਸ਼ਣ ਟਾਸਕ ਫੋਰਸ ਨੇ ਜਾਂਚ ਕੀਤੀ ਤੇ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਕੇਨੀਥ ਸ਼੍ਰੋਡਰ ਸਨਮੁਖ ਪੇਸ਼ ਕੀਤਾ ਗਿਆ ਸੀ। ਹੁਣ ਉਸ ਵਿਰੁੱਧ ਦੋਸ਼ ਆਇਦ ਕਰਨ ਲਈ ਵੱਖਰੀ ਤਾਰੀਖ਼ ਐਲਾਨ ਦਿੱਤੀ ਹੈ। ਜੇਕਰ ਭਾਸਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਤੇ ਢਾਈ ਲੱਖ ਅਮਰੀਕੀ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।