ਲਾਹੌਰ: ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਨਾਲ ਗੱਲਬਾਤ ਤੋਰਨ ਦੇ ਵਿਚਾਰ ਤੋਂ ਕੁਝ ਹੀ ਸਮੇਂ ਬਾਅਦ ਸਾਹਮਣੇ ਆਇਆ ਹੈ ਕਿ ਇਮਰਾਨ ਖ਼ਾਨ ਸਰਕਾਰ ਨੇ ਗਲਿਆਰੇ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਨੀਂਹ ਪੱਥਰ ਰੱਖਣ ਦਾ ਫੈਸਲਾ ਵੀ ਕਰ ਲਿਆ ਹੈ।
ਭਾਰਤ ਵੱਲੋਂ ਕੀਤੀ ਪਹਿਲਕਦਮੀ ਹਾਲੇ ਅਖ਼ਬਾਰਾਂ ਦੀ ਸੁਰਖੀਆਂ ਵੀ ਨਹੀਂ ਸੀ ਬਣੀ ਕਿ ਪਾਕਿਸਤਾਨ ਨੇ ਗਰਮਜੋਸ਼ੀ ਨਾਲ ਆਪਣੇ ਕਦਮ ਅੱਗੇ ਵਧਾਉਂਦਿਆਂ ਇਸ ਮਹੀਨੇ ਦੇ ਅੰਤ ਤਕ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਹੈ। 'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਨੇ ਹਾਲੇ ਤਕ ਉਸਾਰੀ ਸ਼ੁਰੂ ਕੀਤੇ ਜਾਣ ਦਾ ਦਿਨ ਤੈਅ ਨਹੀਂ ਕੀਤਾ ਗਿਆ ਹੈ।
ਇਸ ਸਮੇਂ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਿੱਖ ਜਥੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦਰਸ਼ਨਾਂ ਲਈ ਗਏ ਹੋਏ ਹਨ, ਜਿਨ੍ਹਾਂ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਵੀ ਸ਼ਾਮਲ ਹਨ। ਉਨ੍ਹਾਂ ਨੇ ਵੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨੀ ਸੀ। ਪਰ ਪਾਕਿਸਤਾਨ ਦੀ ਪਹਿਲਕਦਮੀ ਨਾਲ ਹੁਣ ਇਸ ਵਾਲੇ ਪ੍ਰਕਾਸ਼ ਪੁਰਬ ਦੇ ਜਸ਼ਨ ਹੋਰ ਵੀ ਵਧੀਆ ਹੋ ਜਾਣਗੇ।
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਲੈਕੇ ਕੌਮਾਂਤਰੀ ਸਰਹੱਦ ਤਕ ਢਾਈ ਕੁ ਕਿਲੋਮੀਟਰ ਤਕ ਗਲਿਆਰੇ ਦੀ ਉਸਾਰੀ ਕੀਤੀ ਜਾਣੀ ਹੈ। ਪਾਕਿ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਭਾਰਤੀ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਐਲਾਨ ਕਰਤਾ ਦੱਸਿਆ ਹੈ। ਸਿੱਧੂ ਨੇ ਵੀ ਇਮਰਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਉੱਧਰ, ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਦੇਸ਼ਾਂ ਵੱਲੋਂ ਸ਼ੁਰੂ ਕੀਤੇ ਕਦਮ ਗਲਿਆਰੇ ਦੀ ਉਸਾਰੀ ਤੇ ਇਸ ਦੇ ਸ਼ੁਰੂ ਹੋਣ ਤਕ ਕਿੰਨਾ ਕੁ ਸਮਾਂ ਲੱਗਦਾ ਹੈ।