ਲਾਹੌਰ: ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਹੈ। ਜਿੱਥੇ ਪਿਛਲੀ ਵਾਰ ਹਾਈ ਕਮਿਸ਼ਨਰ ਦਾ ਰਾਹ ਰੋਕਣ ਦਾ ਕੰਮ ਸਰਕਾਰ ਨੇ ਕੀਤਾ ਸੀ, ਉੱਥੇ ਪਾਕਿਸਤਾਨ ਦੇ ਸਿੱਖ ਲੀਡਰ ਹੀ ਕਮਿਸ਼ਨ ਦੇ ਸਟਾਫ਼ ਦੇ ਰਾਹ ਵਿੱਚ ਅੜ ਗਏ ਤੇ ਉਨ੍ਹਾਂ ਨੂੰ ਸੰਗਤ ਨਾਲ ਨਾ ਮਿਲਣ ਦਿੱਤਾ ਗਿਆ।
ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਸਾਬਕਾ ਐਮਪੀਏ ਰਮੇਸ਼ ਸਿੰਘ ਅਰੋੜਾ ਅਤੇ ਤਾਰਾ ਸਿੰਘ ਪ੍ਰਧਾਨ ਵਰਗੇ ਸਥਾਨਕ ਸਿੱਖ ਲੀਡਰਾਂ ਨੇ ਭਾਰਤੀ ਕਮਿਸ਼ਨ ਦੇ ਅਮਲੇ ਨੂੰ ਪਾਕਿਸਤਾਨ ਦੇ ਫ਼ਾਰੂਕਾਬਾਦ ਵਿਖੇ ਸਥਿਤ ਗੁਰਦੁਆਰਾ ਸੱਚਾ ਸੌਦਾ ਅੰਦਰ ਜਾਣ ਤੋਂ ਰੋਕ ਦਿੱਤਾ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਰੋਕਣ ਵਾਲੇ ਲੀਡਰ ਕਹਿ ਰਹੇ ਹਨ ਕਿ ਗੁਰਦੁਆਰਿਆਂ ਅੰਦਰ ਅੰਬੈਸਡਰਾਂ ਦੇ ਦਾਖ਼ਲੇ 'ਤੇ ਰੋਕ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਵਿਸਾਖੀ ਮੌਕੇ ਸੰਗਤ ਦੇ ਰੂਬਰੂ ਹੋਣ ਤੋਂ ਰੋਕਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਚਾਵਲਾ ਹੁਰੀਂ ਭਾਰਤੀ ਅਧਿਕਾਰੀਆਂ ਦਾ ਵਿਰੋਧ ਕਰਦੇ ਆ ਰਹੇ ਹਨ। ਹਾਲਾਂਕਿ, ਬੀਤੇ ਕੱਲ੍ਹ ਹਾਈ ਕਮਿਸ਼ਨ ਦੇ ਅਧਿਕਾਰੀ ਬੀਤੇ ਕੱਲ੍ਹ ਨਨਕਾਣਾ ਸਾਹਿਬ ਵਿਖੇ ਦੋ ਘੰਟੇ ਅੰਦਰ ਰਹੇ ਸਨ ਅਤੇ ਕੁਝ ਅਣਸੁਖਾਵਾਂ ਨਹੀਂ ਸੀ ਵਾਪਰਿਆ। ਅੱਜ ਵੀ ਉਕਤ ਸਿੱਖ ਨੇਤਾ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਅਧਿਕਾਰੀਆਂ ਨੂੰ ਗੁਰਦੁਆਰੇ ਅੰਦਰ ਜਾਣ ਦੇਣ ਤੋਂ ਰੋਕ ਰਹੇ ਸਨ।