ਇਸਲਾਮਾਬਾਦ : ਪਾਕਿਸਤਾਨ ਵਿੱਚ ਸਰਕਾਰ ਅਤੇ ਸੈਨਾ ਦੇ ਵਿਚਕਾਰ ਟਕਰਾਅ ਦੀ ਖ਼ਬਰ ਦੇਣ ਵਾਲਾ ਪੱਤਰਕਾਰ ਸਾਰੀਲ ਅਲਮੀਡਾ ਦਿੱਕਤਾਂ ਵਿੱਚ ਘਿਰ ਗਿਆ ਹੈ। ਸਰਕਾਰ ਨੇ ਉਨ੍ਹਾਂ ਨੂੰ 'ਐਗਜ਼ਿਟ ਕੰਟਰੋਲ ਲਿਸਟ' ਵਿੱਚ ਪਾ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਦੀ ਆਗਿਆ ਤੋਂ ਬਿਨਾਂ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ।
ਪੱਤਰਕਾਰ ਨੇ ਖ਼ੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਸਾਰਿਲਾ ਅਲਮੀਡਾ ਡਾਨ ਅਖ਼ਬਾਰ ਵਿੱਚ ਸੀਨੀਅਰ ਪੱਤਰਕਾਰ ਦੇ ਅਹੁਦੇ ਉੱਤੇ ਕੰਮ ਕਰ ਰਹੇ ਹਨ। ਪਾਕਿਸਤਾਨ ਐਕਟ 1952 ਦੇ ਤਹਿਤ ਐਗਜ਼ਿਟ ਕੰਟਰੋਲ ਲਿਸਟ ਇੱਕ ਵਿਵਸਥਾ ਹੈ, ਜਿਸ ਦੇ ਤਹਿਤ ਸਰਕਾਰ ਨੈਸ਼ਨਲ ਸੁਰੱਖਿਆ ਦੇ ਨਾਮ ਉੱਤੇ ਬਾਰਡਰ ਦਾ ਕੰਟਰੋਲ ਕਰਦੀ ਹੈ। ਇਸ ਲਿਸਟ ਵਿੱਚ ਸ਼ਾਮਲ ਵਿਅਕਤੀ ਨੂੰ ਦੇਸ਼ ਛੱਡ ਕੇ ਜਾਣ ਦੀ ਮਨਾਹੀ ਹੁੰਦੀ ਹੈ।
ਸਾਰਿਲਾ ਅਲਮੀਡਾ ਨੇ ਪਾਕਿਸਤਾਨ ਸਰਕਾਰ ਅਤੇ ਸੈਨਾ ਦੇ ਵਿਚਾਲੇ ਚੱਲ ਰਹੀ ਖਿੱਚਤਾਣ ਦੀ ਖ਼ਬਰ ਦਿੱਤੀ ਸੀ। ਡਾਨ ਅਖ਼ਬਾਰ ਨੇ ਇਹ ਖ਼ਬਰ ਆਪਣੇ ਫ਼ਰੰਟ ਪੇਜ ਉੱਤੇ ਪ੍ਰਕਾਸ਼ਿਤ ਕੀਤੀ ਸੀ। ਇਸ ਤੋਂ ਬਾਅਦ ਨਵਾਜ਼ ਸ਼ਰੀਫ਼ ਅਤੇ ਸੈਨਾ ਦੇ ਅਧਿਕਾਰੀ ਉਸ ਨਾਲ ਨਾਰਾਜ਼ ਚੱਲ ਰਹੇ ਸਨ। ਪ੍ਰਧਾਨ ਮੰਤਰੀ ਸ਼ਰੀਫ ਨੇ ਗ੍ਰਹਿ ਮੰਤਰੀ ਅਤੇ ਦੇਸ਼ ਦੇ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਜਿਸ ਵਿੱਚ ਡਾਨ ਅਖ਼ਬਾਰ ਦੀ ਖ਼ਬਰ ਬਾਰੇ ਵਿਸਥਾਰ ਪੂਰਵਕ ਚਰਚਾ ਹੋਈ। ਇਸ ਤੋਂ ਬਾਅਦ ਹੀ ਸਾਰੀਲ ਅਲਮੀਡਾ ਖਿਲਾਫ ਕਾਰਵਾਈ ਕੀਤੀ ਗਈ ਹੈ।