ਇਸਲਾਮਾਬਾਦ : ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਨਸੀਰ ਖ਼ਾਨ ਜੰਜੂਆ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਅਖ਼ਬਾਰ ਦਾ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿੱਚ ਇਹ ਸਾਰੇ ਵੇਰਵੇ ਜਾਰੀ ਕੀਤੇ ਹਨ।
ਅਖ਼ਬਾਰ ਦੇ ਅਨੁਸਾਰ 2 ਅਕਤੂਬਰ ਨੂੰ ਫ਼ੋਨ ਉੱਤੇ ਜੰਜੂਆ ਨੇ ਡੋਵਾਲ ਨੂੰ ਆਖਿਆ ਸੀ ਕਿ ਉਹ ਸਰਹੱਦ ਉੱਤੇ ਤਣਾਅ ਨਹੀਂ ਵਧਾਉਣਾ ਚਾਹੁੰਦੇ। ਜੰਜੂਆ ਨੇ ਆਖਿਆ ਕਿ ਜੰਗ ਸਿਰਫ਼ ਤਬਾਹੀ ਲੈ ਕੇ ਆਵੇਗੀ। ਦੋਵੇਂ ਸੁਰੱਖਿਆ ਸਲਾਹਕਾਰ ਇਸ ਗੱਲ ਉੱਤੇ ਰਾਜ਼ੀ ਸਨ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ,ਇਸ ਲਈ ਤਣਾਅ ਨੂੰ ਰੋਕਣਾ ਜ਼ਰੂਰੀ ਹੈ।
ਰਿਪੋਰਟ ਦੇ ਅਨੁਸਾਰ ਡੋਵਾਲ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਸੀ ਕਿ ਮੋਦੀ ਸਰਕਾਰ ਸਰਹੱਦ ਉੱਤੇ ਤਣਾਅ ਨਹੀਂ ਵਧਾਉਣਾ ਚਾਹੁੰਦੀ। ਭਾਰਤ ਵਿੱਚ ਮੌਜੂਦ ਪਾਕਿਸਤਾਨ ਦੇ ਹਾਈ ਕਮਿਸ਼ਨ ਅਬਦੁਲ ਬਾਸਿਤ ਨੇ ਵੀ ਗੱਲਬਾਤ ਦੀ ਪੁਸ਼ਟੀ ਕੀਤੀ ਸੀ।