ਵਾਸ਼ਿੰਗਟਨ : ਸਿੱਖ ਭਾਈਚਾਰੇ ਅਤੇ ਅਮਰੀਕੀ ਪੁਲਿਸ ਵਿਚਾਲੇ ਜ਼ਿਆਦਾ ਤਾਲਮੇਲ ਪੈਦਾ ਕਰਨ ਲਈ ਅਮਰੀਕੀ ਪੁਲਿਸ ਨੇ ਸਿੱਖ ਧਾਰਮਿਕ ਸ਼ਖ਼ਸੀਅਤਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਕੀਤੀ ਹੈ ਰੋਕਫੋਰਡ ਪੁਲਿਸ ਨੇ। ਇੱਥੋਂ ਦੀ ਪੁਲਿਸ ਨੇ ਨਾਨਕਸਰ ਸਿੱਖ ਟੈਂਪਲ ਦੇ ਮੁਖੀ ਬਾਬਾ ਦਲਜੀਤ ਸਿੰਘ ਨੂੰ ਆਨਰੇਰੀ ਪੁਲਿਸ ਅਸਿਸਟੈਂਟ ਦਾ ਅਹੁਦਾ ਦਿੱਤਾ ਹੈ।

ਰੋਕ ਫੋਰਡ ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਸਿੱਖਾਂ ਨਾਲ ਨਸਲੀ ਭੇਦਭਾਵ ਦੀਆਂ ਹੋ ਰਹੀਆਂ ਘਟਨਾਵਾਂ ਅਤੇ ਸਿੱਖ ਭਾਈਚਾਰੇ ਦੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ। ਸ਼ਿਕਾਗੋ ਵਿੱਚ ਕਿਸੀ ਧਾਰਮਿਕ ਸ਼ਖ਼ਸੀਅਤ ਨੂੰ ਪਹਿਲੀ ਵਾਰ ਇਹ ਅਹੁਦਾ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਇਹ ਨਿਯੁਕਤੀ ਕੀਤੀ ਗਈ ਹੈ।
ਪੁਲਿਸ ਵਿਭਾਗ ਵਿੱਚ ਨਿਯੁਕਤੀ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਲਜੀਤ ਸਿੰਘ ਨੇ ਆਖਿਆ ਕਿ ਧਾਰਮਿਕ ਖੇਤਰ ਦੇ ਨਾਲ ਨਾਲ ਉਹਨਾਂ ਨੂੰ ਪੁਲਿਸ ਖੇਤਰ ਵਿੱਚ ਵਿਚਰਨ ਦਾ ਮੌਕੇ ਮਿਲਿਆ ਹੈ ਅਤੇ ਉਮੀਦ ਹੈ ਕਿ ਇਸ ਨਾਲ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਫਾਇਦਾ ਹੋਵੇਗਾ। ਬਾਬਾ ਦਲਜੀਤ ਸਿੰਘ ਦਾ ਕੰਮ ਪੰਜਾਬੀ ਭਾਈਚਾਰੇ ਦੇ ਆਪਸੀ ਝਗੜੇ ਅਤੇ ਹੋਰ ਮਾਮਲਿਆਂ ਵਿੱਚ ਪੁਲਿਸ ਨੂੰ ਸਹਿਯੋਗ ਕਰਨਾ ਹੋਵੇਗਾ।