ਅਟਲਾਟਿੰਕ ਸਿਟੀ : ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤਾ ਗਿਆ ਟਰੰਪ ਤਾਜ ਕੈਸੀਨੋ 26 ਸਾਲ ਬਾਅਦ ਬੰਦ ਹੋ ਰਿਹਾ ਹੈ।
ਸਮਾਚਾਰ ਏਜੰਸੀ ਏ.ਪੀ ਮੁਤਾਬਕ, ਟਰੰਪ ਦੇ ਮਿੱਤਰ ਤੇ ਅਰਬਪਤੀ ਕਾਰਲ ਇਕਾਨ ਇਸ ਕੈਸੀਨੋ ਨੂੰ ਬੰਦ ਕਰ ਰਹੇ ਹਨ। ਅਟਲਾਟਿੰਕ ਸਿਟੀ ਦੇ ਕੈਸੀਨੋ ਸੰਕਟ ਦੇ ਚੱਲਦੇ ਬੰਦ ਹੋਣ ਵਾਲਾ ਇਹ ਪੰਜਵਾਂ ਕੈਸੀਨੋ ਹੋਵੇਗਾ।
ਟਰੰਪ ਤਾਜ ਕੈਸੀਨੋ ਦਾ ਨਿਰਮਾਣ ਭਾਰਤ ਦੇ ਤਾਜ ਮਹਿਲ ਦੀ ਤਰਜ਼ 'ਤੇ ਹੋਈਆ ਸੀ। ਇਸ ਕੈਸੀਨੋ ਦੇ ਬੰਦ ਹੋਣ ਤੋਂ ਤਕਰੀਬਨ ਤਿੰਨ ਹਜ਼ਾਰ ਲੋਕਾਂ ਦੀ ਨੌਕਰੀ ਖ਼ਤਮ ਹੋਵੇਗੀ।ਜਿਸ ਤੋਂ ਨਾਲ ਹੀ 2014 ਤੋਂ ਬਾਅਦ ਤੋਂ ਹੁਣ ਤੱਕ ਕੈਸੀਨੋ ਦੇ ਸੰਕਟ ਕਾਰਨ ਨੌਕਰੀ ਗਵਾਉਣ ਵਾਲਿਆਂ ਦੀ ਗਿਣਤੀ 11 ਹਜ਼ਾਰ ਤੱਕ ਪਹੁੰਚ ਜਾਏਗੀ।
ਆਰਥਿਕ ਸੰਕਟ ਤੋਂ ਲੰਘ ਰਹੇ ਕੈਸੀਨੋ ਦੇ ਕਰਮਚਾਰੀ ਨੇ ਹੈਲਥ ਕੇਅਰ ਅਤੇ ਪੈਨਸ਼ਨ ਦੇ ਫ਼ਾਇਦੇ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਯੂਨੀਅਨ ਦੇ ਨਾਲ ਗੱਲਬਾਤ ਸਫਲ ਨਾ ਰਹੀ।
ਟਰੰਪ ਤਾਜ ਕੈਸੀਨੋ ਤੋਂ ਪਹਿਲੇ ਟਰੰਪ ਪਲਾਜ਼ਾ ਬੰਦ ਹੋ ਚੁੱਕਿਆ ਹੈ। ਡੋਨਲਡ ਟਰੰਪ ਨੇ 1990 ਵਿੱਚ ਇਸ ਕੈਸੀਨੋ ਦਾ ਨਿਰਮਾਣ ਕਰਵਾਇਆ ਸੀ ਤੇ ਇਸ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਕਰਾਰ ਦਿੱਤਾ ਸੀ। ਹਾਲਾਂਕਿ 2015 ਵਿੱਚ ਕਰਜ਼ੇ ਦੇ ਕਾਰਨ ਕੈਸੀਨੋ ਟਰੰਪ ਦੇ ਹੱਥੋ ਨਿਕਲ ਗਿਆ ਸੀ।
ਯੂਨੀਅਨ ਤੇ ਤਾਜ ਕੈਸੀਨੋ ਦੇ ਵਿਚਾਲੇ ਗੱਲਬਾਤ ਬਾਰੇ ਟਰੰਪ ਨੇ ਆਪਣੇ ਪ੍ਰਚਾਰ ਅਭਿਆਨ ਵੇਲੇ ਕਿਹਾ ਸੀ ਕਿ ਇਹ ਦੁੱਖ ਦੀ ਗੱਲ ਹੈ ਕਿ ਦੋਹਾਂ ਪੱਖਾਂ ਵਿੱਚ ਕੋਈ ਡੀਲ ਨਹੀਂ ਹੋ ਸਕੀ।