ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਡੋਨਲਡ ਟਰੰਪ ਅਤੇ ਹਿਲੇਰੀ ਕਲਿੰਟਨ ਵਿਚਾਲੇ ਦੂਜੀ ਬਹਿਸ ਹੋਈ। ਇਸ ਬਹਿਸ ਵਿੱਚ ਵੀ ਹਿਲੇਰੀ ਟਰੰਪ ਉੱਤੇ ਭਾਰੀ ਪਈ। ਮਹਿਲਾਵਾਂ ਬਾਰੇ ਕੀਤੀਆਂ ਟਿੱਪਣੀਆਂ ਦੀ ਆਡੀਓ ਟੇਪ ਲੀਕ ਦੇ ਮੁੱਦੇ ਉੱਤੇ ਹਿਲੇਰੀ ਨੇ ਟਰੰਪ ਨੂੰ ਖ਼ੂਬ ਘੇਰਿਆ। ਮੰਚ ਉੱਤੇ ਪਹੁੰਚਣ ਤੋਂ ਬਾਅਦ ਦੋਵਾਂ ਹੀ ਆਗੂਆਂ ਨੇ ਆਪਸ ਵਿੱਚ ਹੱਥ ਤੱਕ ਨਹੀਂ ਮਿਲਾਇਆ। ਟਾਊਨ ਹਾਲ ਵਿੱਚ ਹੋਈ ਬਹਿਸ ਦੌਰਾਨ ਲੋਕਾਂ ਵੱਲੋਂ ਵੀ ਦੋਵਾਂ ਆਗੂਆਂ ਨੂੰ ਸਵਾਲ ਪੁੱਛੇ ਗਏ।
ਬਹਿਸ ਦੇ ਸ਼ੁਰੂ ਵਿੱਚ ਹੀ ਹਿਲੇਰੀ ਨੇ ਟਰੰਪ ਉਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਖਿਆ ਕਿ ਇਸ ਟੇਪ ਰਾਹੀਂ ਟਰੰਪ ਦੀ ਹਕੀਕਤ ਲੋਕਾਂ ਸਾਹਮਣੇ ਆ ਗਈ ਹੈ। ਇਸ ਦੇ ਜਵਾਬ ਵਿੱਚ ਟਰੰਪ ਨੇ ਆਖਿਆ ਹੈ ਕਿ ਇਹ ਨਿੱਜੀ ਗੱਲਬਾਤ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਮੁਆਫ਼ੀ ਵੀ ਮੰਗ ਲਈ ਹੈ।
ਉਨ੍ਹਾਂ ਆਖਿਆ ਕਿ ਉਹ ਮਹਿਲਾਵਾਂ ਦੀ ਇੱਜ਼ਤ ਕਰਦੇ ਹਨ। ਹਿਲੇਰੀ ਦੀਆਂ ਲੀਕ ਹੋਈਆਂ ਈਮੇਲਜ਼ ਦੇ ਮੁੱਦੇ ਉੱਤੇ ਟਰੰਪ ਨੇ ਹਮਲਾਵਰ ਰੁੱਖ ਅਖਤਿਆਰ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਜਾਂਚ ਕਰਵਾਉਣਗੇ ਅਤੇ ਹਿਲੇਰੀ ਨੂੰ ਜੇਲ੍ਹ ਵਿੱਚ ਸੁੱਟਣਗੇ।
90 ਮਿੰਟ ਦੀ ਗੱਲਬਾਤ ਦੌਰਾਨ ਟਰੰਪ ਨੇ ਹਾਲਾਂਕਿ ਆਡੀਓ ਟੇਪ ਵਾਲੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਮਹਿਲਾਵਾਂ ਨਾਲ ਖ਼ਰਾਬ ਤਰੀਕੇ ਨਾਲ ਪੇਸ਼ ਆਉਂਦੇ ਸਨ। ਦੂਜੇ ਪਾਸੇ ਹਿਲੇਰੀ ਕਲਿੰਟਨ ਨੇ ਆਖਿਆ ਹੈ ਕਿ ਜੋ ਵਿਅਕਤੀ ਮਹਿਲਾਵਾਂ ਦੀ ਇੱਜ਼ਤ ਕਰਨਾ ਨਹੀਂ ਜਾਣਦਾ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਫਿੱਟ ਨਹੀਂ ਹੈ।