ਸਰੀ: ਕੈਨੇਡਾ 'ਚ ਇੱਕ ਪੰਜਾਬਣ ਦੇ ਕਾਤਲ ਪਤੀ ਨੂੰ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਮਿਲੀ ਹੈ। 33 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕੈਨੇਡਾ 'ਚ ਸਰੀ ਦੇ ਨਿਊਟਨ ਇਲਾਕੇ 'ਚ ਸਾਲ 2007 'ਚ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸ ਦੀ ਪ੍ਰੇਮਿਕਾ ਤਨਪ੍ਰੀਤ ਕੌਰ ਅਟਵਾਲ ਅਤੇ ਸੁਪਾਰੀ ਕਿਲਰ ਬਾਰਾਨੇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਲੰਮੀ ਸੁਣਵਾਈ ਤੋਂ ਬਾਅਦ ਇਹਨਾਂ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫੈਸਲੇ ਮੁਤਾਬਕ ਬਲਜਿੰਦਰ ਸਿੰਘ ਅਤੇ ਸੁਪਾਰੀ ਕਿੱਲਰ ਬਾਰਾਨੇਕ ਨੂੰ 25 ਸਾਲਾਂ ਤੱਕ ਪੈਰੋਲ ਨਹੀਂ ਮਿਲ ਸਕੇਗੀ।
ਅਮਨਪ੍ਰੀਤ ਤਿੰਨ ਧੀਆਂ ਦੀ ਮਾਂ ਸੀ। ਪਰ ਉਸ ਦੇ ਜਾਲਮ ਪਤੀ ਨੇ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੀ ਮ੍ਰਿਤਕ ਧੀ ਨੂੰ ਇਨਸਾਫ ਦਵਾਉਣ ਲਈ ਅਮਨਪ੍ਰੀਤ ਦੇ ਪਰਿਵਾਰ ਲੰਬੀ ਕਾਨੂੰਨੀ ਲੜਾਈ ਲੜੀ। ਮਾਮਲੇ ਦੀ ਸੁਣਵਾਈ ਲਈ ਉਸ ਦਾ ਭਰਾ ਜੁਗਰਾਜ ਸਿੰਘ ਭਾਰਤ ਤੋਂ ਕੈਨੇਡਾ ਪੁੱਜਿਆ। ਅਦਾਲਤ ਵੱਲੋਂ ਫੈਸਲਾ ਆਉਣ 'ਤੇ ਪੂਰੇ ਪਰਿਵਾਰ ਦੇ ਆਪਣੀ ਧੀ ਨੂੰ ਯਾਦ ਕਰ ਹੰਝੂ ਨਿੱਕਲ ਆਏ।
ਇਸ 'ਤੇ ਅਮਨਪ੍ਰੀਤ ਦੇ ਭਰਾ ਜੁਗਰਾਜ ਕਾਹਲੋਂ ਨੇ ਕਿਹਾ ਕਿ, "ਮਾਮਲੇ 'ਚ ਅਸਲੀ ਇਨਸਾਫ ਕਦੇ ਨਹੀਂ ਹੋ ਸਕਦਾ। ਇਹ ਸਾਡੇ ਲਈ ਜਿੱਤ ਅਤੇ ਹਾਰ ਦਾ ਮਾਮਲਾ ਨਹੀਂ ਸੀ। ਅਸੀਂ ਤਾਂ ਅਮਨਪ੍ਰੀਤ ਦੀ ਮੌਤ ਹੁੰਦੇ ਸਾਰ ਹੀ ਹਾਰ ਗਏ ਸੀ। ਅਮਨਪ੍ਰੀਤ ਦੀਆਂ ਤਿੰਨਾਂ ਧੀਆਂ ਨੂੰ ਕਦੇ ਇਨਸਾਫ ਨਹੀਂ ਮਿਲ ਸਕੇਗਾ। ਉਨ੍ਹਾਂ ਨੇ ਆਪਣੀ ਮਾਂ ਨੂੰ ਤਾਂ ਗੁਆ ਹੀ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ ਪਿਤਾ ਵੀ ਕਦੇ ਨਹੀਂ ਮਿਲ ਸਕੇਗਾ।" ਉਨ੍ਹਾਂ ਕਿਹਾ ਕਿ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਅਮਨਪ੍ਰੀਤ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਅਪਰਾਧ ਦੀ ਸਜ਼ਾ ਭੁਗਤਣੀ ਪਵੇਗੀ।