ਵਾਸ਼ਿੰਗਟਨ: ਖੇਤੀ ਕਾਨੂੰਨਾਂ ਨੂੰ ਲੈ ਕਿ ਕਿਸਾਨਾਂ ਦੇ ਵਿਰੋਧ ਦੀ ਗੂੰਜ ਹੁਣ ਵਿਦੇਸ਼ਾਂ ਤੱਕ ਹੈ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਦੇ ਸਮਰਥਨ 'ਚ ਸਿੱਖ-ਅਮਰੀਕੀ ਨੌਜਵਾਨਾਂ ਨੇ ਵੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖਾਲਿਸਤਾਨੀਆਂ (Khalistan) ਨੇ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਛੇੜਛਾੜ ਕੀਤੀ।

ਗਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਤੇ ਵਰਜੀਨੀਆ ਤੋਂ ਇਲਾਵਾ, ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਇੰਡੀਆਨਾ, ਓਹੀਓ ਤੇ ਉੱਤਰੀ ਕੈਰੋਲੀਨਾ ਵਰਗੇ ਸੂਬਿਆਂ ਦੇ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਇਸ ਦੌਰਾਨ ਕੁਝ ਸਿੱਖ ਭਾਰਤ ਵਿਰੋਧੀ ਪੋਸਟਰਾਂ ਤੇ ਬੈਨਰਾਂ ਨਾਲ ਖਾਲਿਸਤਾਨੀ ਝੰਡੇ ਲੈ ਕੇ ਆਏ ਸੀ।

ਕਈ ਬੈਨਰਾਂ 'ਤੇ 'ਰਿਪਬਲਿਕ ਆਫ਼ ਖਾਲਿਸਤਾਨ' ਲਿਖਿਆ ਹੋਇਆ ਸੀ। ਇਨ੍ਹਾਂ ਵਿੱਚੋਂ ਕੁਝ ਖਾਲਿਸਤਾਨੀ ਸਿੱਖ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਆਏ। ਉਸ ਉੱਤੇ ਇੱਕ ਪੋਸਟਰ ਚਿਪਕਾ ਦਿੱਤਾ। ਸਮੂਹ ਨੇ ਭਾਰਤ ਵਿਰੋਧੀ ਤੇ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।


ਭਾਰਤੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ 'ਅੰਦੋਲਨ ਦੀ ਆੜ 'ਚ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਇਸ ਘਿਨਾਉਣੇ ਕੰਮ ਦੀ ਨਿਖੇਧੀ ਕੀਤੀ'। ਦੂਤਾਵਾਸ ਨੇ ਕਿਹਾ ਕਿ ਉਸ ਨੇ ਇਸ ਸਬੰਧ ਵਿੱਚ ਯੂਐਸ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸਖ਼ਤ ਵਿਰੋਧ ਜਤਾਇਆ ਹੈ। ਕਾਨੂੰਨ ਤਹਿਤ ਜਾਂਚ ਤੇ ਕਾਰਵਾਈ ਲਈ ਇਸ ਮਾਮਲੇ ਨੂੰ ਅਮਰੀਕੀ ਵਿਦੇਸ਼ ਵਿਭਾਗ ਕੋਲ ਵੀ ਉਠਾਇਆ ਹੈ।