ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਉੱਤਰ ਕੋਰੀਆ ਕਾਰਨ ਵਿਸ਼ਵ ਜੰਗ ਛਿੜਨ ਦਾ ਖ਼ਤਰਾ ਵਧ ਰਿਹਾ ਹੈ, ਉੱਥੇ ਦੂਜੇ ਪਾਸੇ ਅਮਰੀਕਾ ਤੋਂ ਇੱਕ ਅਜਿਹੀ ਖ਼ਬਰ ਆਈ ਹੈ ਜਿਸ 'ਚ ਨਾਰਥ ਕੋਰੀਆ ਦਾ ਭਿਆਨਕ ਸੱਚ ਸਾਹਮਣੇ ਆਇਆ ਹੈ। ਦਰਅਸਲ, ਅੰਗ੍ਰੇਜ਼ੀ ਖ਼ਬਰਾਂ ਦੀ ਵੈਬਸਾਇਟ ਡੇਲੀ ਮੇਲ ਨੇ ਖ਼ਬਰ ਦਿੱਤੀ ਹੈ ਕਿ ਯੂਨੀਵਰਸਿਟੀ ਆਫ਼ ਵਰਜੀਨੀਆ ਦੇ ਵਿਦਿਆਰਥੀ 'ਔਟੋ ਵਾਰਮਬੀਅਰ' ਸਾਲ 2016 'ਚ ਉੱਤਰ ਕੋਰੀਆ ਘੁੰਮਣ ਗਿਆ ਸੀ ਅਤੇ ਉੱਥੇ ਉਸ ਨੂੰ ਮੁਲਕ ਖਿਲਾਫ਼ ਪੋਸਟਰ ਲਾ ਕੇ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਕੇਸ ਚਲਦਾ ਰਿਹਾ ਅਤੇ ਅਖੀਰ 'ਚ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ।


ਬਾਅਦ 'ਚ ਅਮਰੀਕਾ ਦੀਆਂ ਕੋਸ਼ਿਸ਼ਾਂ ਸਦਕਾ ਔਟੋ ਨੂੰ ਜੂਨ 2017 'ਚ ਵਾਪਸ ਅਮਰੀਕਾ ਲਿਆਂਦਾ ਗਿਆ। ਵਾਪਸ ਆਉਣ ਦੇ ਕੁੱਝ ਦਿਨਾਂ ਬਾਅਦ ਹੀ ਔਟੋ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕੁੱਝ ਦਿਨ ਪਹਿਲਾਂ ਔਟੋ ਦੇ ਪਰਿਵਾਰ ਨੇ ਫੌਕਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਉਹ ਗੱਲਾਂ ਦੱਸੀਆਂ ਜੋ ਬੇਹੱਦ ਹੌਲਨਾਕ ਹਨ।

ਉਨ੍ਹਾਂ ਦੱਸਿਆ ਕਿ 'ਔਟੋ ਦਾ ਮੈਡੀਕਲ ਜਹਾਜ਼ ਜਦ ਹਵਾਈ ਪੱਟੀ 'ਤੇ ਸੀ ਤਾਂ ਅਸੀਂ ਇੰਜਨ ਬੰਦ ਹੋਣ ਤੋਂ ਪਹਿਲਾਂ ਹੀ ਜਹਾਜ਼ ਕੋਲ ਪੁੱਜ ਗਏ ਸੀ। ਸਾਨੂੰ ਇੰਜਨ ਦੇ ਸ਼ੋਰ 'ਚ ਵੀ ਚੀਕਾਂ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਪਹਿਲਾਂ ਸਾਨੂੰ ਪਤਾ ਨਹੀਂ ਲੱਗਾ ਕਿ ਇਹ ਕਿਸ ਦੀ ਅਵਾਜ਼ ਹੈ, ਕੋਲ ਜਾ ਕੇ ਵੇਖਿਆ ਤਾਂ ਸਾਡਾ ਮੁੰਡਾ ਹੀ ਦਰਦ ਨਾਲ ਚੀਕਾਂ ਮਾਰ ਰਿਹਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਔਟੋ ਦੇ ਨੱਕ ਤੋਂ ਇਕ ਨਲੀ ਪਾਈ ਗਈ ਸੀ, ਜਿਸ ਰਾਹੀਂ ਉਸ ਨੂੰ ਖਾਣਾ ਦਿੱਤਾ ਜਾਂਦਾ ਸੀ। ਉਸ ਦੇ ਦੰਦਾਂ ਨੂੰ ਇਸ ਤਰ੍ਹਾਂ ਤੋੜਿਆ ਗਿਆ ਸੀ ਜਿਸ ਤੋਂ ਲਗਦਾ ਸੀ ਕਿ ਕਿਸੇ ਨੇ ਦੰਦ ਤੋੜ ਕੇ ਫਿਰ ਜੋੜੇ ਹਨ। ਇਸ ਤੋਂ ਇਲਾਵਾ ਪੂਰੇ ਸ਼ਰੀਰ 'ਚ ਸੱਟਾਂ ਦੇ ਨਿਸ਼ਾਨ ਸਨ।

22 ਸਾਲ ਦਾ ਔਟੋ ਜਦੋਂ ਵਾਪਸ ਆਇਆ ਤਾਂ ਉਹ ਨਾ ਤਾਂ ਸੁਣ ਸਕਦਾ ਸੀ ਅਤੇ ਨਾ ਹੀ ਬੋਲ। ਡਾਕਟਰਾਂ ਨੇ ਐਮ.ਆਰ.ਆਈ. ਰਿਪੋਰਟ ਵੇਖੀ ਤਾਂ ਪਤਾ ਲੱਗਿਆ ਕਿ ਉਸ ਦੇ ਦਿਮਾਗ 'ਚ ਡੂੰਗੀਆਂ ਸੱਟਾਂ ਲੱਗੀਆਂ ਸਨ। ਓਟੋ ਦੇ ਪਰਿਵਾਰ ਨੇ ਆਪਣੇ ਮੁੰਡੇ ਨੂੰ ਬੁਰੀ ਤਰ੍ਹਾਂ ਟਾਰਚਰ ਦੀ ਗੱਲ ਦੁਨੀਆ ਸਾਹਮਣੇ ਰੱਖਣ ਨਾਲ ਕੋਰੀਆ ਸ਼ਾਸਨ ਅਤੇ ਤਾਨਾਸ਼ਾਹ ਕਿਮ ਜੋਂਗ ਦੀ ਹੈਵਾਨੀਅਤ ਬੇਨਕਾਬ ਹੋ ਗਈ।