ਸਿੰਗਾਪੁਰ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟ੍ਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਵਾਰਤਾ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਇਆ ਕਿ ਸਿੰਗਾਪੁਰ 'ਚ ਅਮਰੀਕਾ 'ਤੇ ਤਾਨਾਸ਼ਾਹ ਭਾਰੀ ਪਿਆ ਹੈ।
ਦਰਅਸਲ ਅੱਜ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ 'ਚ ਜਿੱਥੇ ਪੂਰੇ ਕੋਰੀਆ ਨੂੰ ਪ੍ਰਮਾਣੂ ਮੁਕਤ ਕਰਨ ਹੀ ਗੱਲ ਕਹੀ ਗਈ ਉੱਥੇ ਹੀ ਇਹ ਵੀ ਕਿਹਾ ਗਿਆ ਕਿ ਅਮਰੀਕਾ ਦੱਖਣੀ ਕੋਰੀਆ ਦੇ ਨਾਲ ਹੋਣ ਵਾਲਾ ਯੁੱਧ ਅਭਿਆਸ ਵੀ ਬੰਦ ਕਰ ਰਿਹਾ ਹੈ।
ਟ੍ਰੰਪ ਨੇ ਸਾਫ ਕਿਹਾ ਕਿ ਅਸੀਂ ਯੁੱਧ ਦੀ ਖੇਡ ਬੰਦ ਕਰਾਂਗੇ ਤੇ ਉੱਤਰੀ ਕੋਰੀਆ ਨੇ ਮਿਜ਼ਾਇਲ ਇੰਜਣ ਪਰੀਖਣ ਸਥਾਨ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ਉੱਤਰੀ ਕੋਰੀਆ ਨਾਲ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ।
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਟ੍ਰੰਪ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਬੀਤੀਆਂ ਗੱਲਾਂ ਭੁੱਲ ਕੇ ਨਵੇਂ ਕੀਤੇ ਸਮਝੌਤਿਆਂ ਤੇ ਕੰਮ ਕਰਨ ਦਾ ਵਾਅਦਾ ਕੀਤਾ। ਦੋਵਾਂ ਨੇਤਾਵਾਂ ਨੇ ਇਤਿਹਾਸਕ ਵਾਰਤਾ ਨੂੰ ਖਤਮ ਕਰਦਿਆਂ ਇਕ ਸੰਯੁਕਤ ਬਿਆਨ 'ਤੇ ਦਸਤਖਤ ਕੀਤੇ।
ਬਿਆਨ 'ਚ ਕਿਹਾ ਗਿਆ ਕਿ ਰਾਸ਼ਟਰਪਤੀ ਟ੍ਰੰਪ ਡੀਪੀਆਰਕੇ (ਕੋਰੀਆ ਲੋਕਤੰਤਰ ਜਨਵਾਦੀ ਗਣਰਾਜ) ਨੂੰ ਸੁਰੱਖਿਆ ਦੇਣ ਲਈ ਵਚਨਬੱਧ ਹੈ ਤੇ ਚੇਅਰਮੈਨ ਕਿਮ ਜੋਂਗ ਉਨ ਕੋਰੀਆਈ ਪ੍ਰਾਇਦੀਪ ਦੇ ਪਰਮਾਣੂ ਜਖੀਰੇ ਨੂੰ ਨਸ਼ਟ ਕਰਨ ਲਈ ਵਚਨਬੱਧ ਹਨ।
ਇਸ 'ਚ ਇਹ ਵੀ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਯੁੱਧ ਬੰਦੀ ਤੇ ਯੁੱਧ 'ਚ ਲਾਪਤਾ ਲੋਕਾਂ ਨੂੰ ਬਰਾਮਦ ਕਰਨ 'ਤੇ ਵੀ ਵਚਨਬੱਧਤਾ ਜਤਾਈ ਹੈ।