ਨਵੀਂ ਦਿੱਲੀ: ਅੱਜ ਸਿੰਗਾਪੁਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉੱਤਰr ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਦੀ ਇਤਿਹਾਸਕ ਮੁਲਾਕਾਤ ਹੋਈ। ਇਸ ਦੌਰਾਨ ਦੋਵਾਂ ਨੇ ਗਰਮਜੋਸ਼ੀ ਨਾਲ ਇੱਕ-ਦੂਜੇ ਨਾਲ ਹੱਥ ਮਿਲਾਇਆ। ਦੋਵਾਂ ਦੇਸ਼ਾਂ ਦੇ ਨੇਤਾ ਆਪਸ ਵਿੱਚ ਪਹਿਲੀ ਵਾਰ ਗੱਲਬਾਤ ਕਰ ਰਹੇ ਹਨ।
ਉੱਤਰੀ ਕੋਰੀਆ ਕੋਲ ਯੂਰੇਨੀਅਮ ਤੇ ਪਲੂਟੋਨੀਅਮ ਦੇ ਭੰਡਾਰ ਹਨ। ਇਨ੍ਹਾਂ ਤੱਤਾਂ ਦੇ ਜ਼ਰੀਏ ਹੀ ਪਰਮਾਣੂ ਬੰਬ ਬਣਾਏ ਜਾਂਦੇ ਹਨ। ਉੱਤਰ ਕੋਰੀਆ ਨੇ ਵੀ ਕਈ ਪਰਮਾਣੂ ਬੰਬ ਬਣਾਏ ਹਨ। ਸਾਲ 2006 ਤੋਂ ਹੀ ਉੱਤਰੀ ਕੋਰੀਆ ਲਗਾਤਾਰ ਪਰਮਾਣੂ ਪ੍ਰੀਖਣ ਕਰ ਰਿਹਾ ਹੈ। ਪਿਛਲੇ ਸਾਲ ਇਸ ਨੇ ਹਾਈਡਰੋਜਨ ਬੰਬ ਦਾ ਵੀ ਟੈਸਟ ਕੀਤਾ ਸੀ।
ਉੱਤਰੀ ਕੋਰੀਆ ਦੀ ਫੌਜ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸੈਨਾਵਾਂ ਵਿੱਚੋਂ ਇੱਕ ਹੈ। ਉੱਤਰ ਕੋਰੀਆ ਕੋਲ 76 ਪਣਡੁੱਬੀਆਂ, 458 ਫਾਈਟਰ ਏਅਰਕਰਾਫਟ ਤੇ 5 ਹਜ਼ਾਰ ਤੋਂ ਵੱਧ ਲੜਾਕੂ ਜਹਾਜ਼ ਹਨ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਉਸ ਕੋਲ ਤਿੰਨ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਹਨ ਜੋ ਅਮਰੀਕਾ ਤਕ ਮਾਰ ਕਰ ਸਕਦੀਆਂ ਹਨ।
ਇਹ ਵੀ ਦਾਅਵਾ ਹੈ ਕਿ ਉੱਤਰੀ ਕੋਰੀਆ ਕੋਲ ਹੁਆਸ਼ੁੰਗ-14 ਮਿਜ਼ਾਈਲ ਹੈ, ਜੋ 10 ਹਜ਼ਾਰ 400 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਉੱਤਰੀ ਕੋਰੀਆ ਤੋਂ ਅਮਰੀਕਾ ਦੀ ਦੂਰੀ 10 ਹਜ਼ਾਰ 367 ਕਿਲੋਮੀਟਰ ਹੈ। ਉਹ ਉੱਤਰੀ ਕੋਰੀਆ ਦੀ ਪਰਮਾਣੂ ਮਿਜ਼ਾਈਲ ਦੀ ਰੇਂਜ ਵਿੱਚ ਹੀ ਆਉਂਦਾ ਹੈ।