ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਅਜਿਹੇ 'ਚ ਮੀਡੀਆ ਵਿੱਚ ਹੁਣ ਇਹ ਚਰਚਾ ਚੱਲ ਰਹੀ ਹੈ ਕਿਮ ਤੋਂ ਬਾਅਦ ਉਨ੍ਹਾਂ ਦੀ ਵਾਰਿਸ ਕੌਣ ਹੋਵੇਗਾ। ਹਾਲਾਂਕਿ ਅਜੇ ਤਕ ਕਿਮ ਦੀ ਹਾਲਤ ਨੂੰ ਲੈ ਕੇ ਕਿਸੇ ਵੀ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਦੀ ਹਾਲਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ।


ਜਿੱਥੋਂ ਤਕ ਉਨ੍ਹਾਂ ਤੋਂ ਬਾਅਦ ਦੇਸ਼ ਦੇ ਪ੍ਰਮੁੱਖ ਹੋਣ ਦੀ ਗੱਲ ਹੈ ਤਾਂ ਕਿਮ ਦੇ ਸਭ ਤੋਂ ਕਰੀਬ ਉਨ੍ਹਾਂ ਦੀ ਭੈਣ ਕਿਮ ਜੋਂਗ ਯੋਨ ਨੂੰ ਹੀ ਮੰਨਿਆ ਜਾਂਦਾ ਹੈ। ਉਹ ਨਾ ਸਿਰਫ਼ ਪਾਰਟੀ 'ਚ ਦੂਜੇ ਨੰਬਰ ਦੀ ਵੱਡੀ ਨੇਤਾ, ਸਗੋਂ ਕਿਮ ਦੇ ਕਾਫੀ ਕਰੀਬ ਵੀ ਹੈ। ਕਿਮ ਨੇ ਖ਼ੁਦ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਹੋਈ ਸ਼ਿਖਰ ਵਾਰਤਾ ਦੌਰਾਨ ਵੀ ਉਹ ਹਰ ਸਮੇਂ ਮੌਜੂਦ ਰਹੇ ਹਨ। ਓਲੰਪਿਕ ਗੇਮਜ਼ ਦੌਰਾਨ ਵੀ ਓਹੀ ਇਨ੍ਹਾਂ ਖੇਡਾਂ ਦੇ ਰੰਗਾਰੰਗ ਪ੍ਰੋਗਰਾਮ ਦਾ ਹਿੱਸਾ ਬਣੇ ਸਨ।


ਅਜਿਹੇ 'ਚ ਜੇਕਰ ਕਿਮ ਨੂੰ ਕੁਝ ਹੁੰਦਾ ਹੈ ਤਾਂ ਨਿਸਚਿਤ ਤੌਰ 'ਤੇ ਦੇਸ਼ ਦੀ ਵਾਗਡੋਰ ਸਾਂਭਣ ਦੇ ਤੌਰ 'ਤੇ ਉਨ੍ਹਾਂ ਦਾ ਹੀ ਨਾਂ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਕਿਮ ਦੀ ਪਤਨੀ ਦਾ ਨਾਂ ਆਉਂਦਾ ਹੈ। ਹਾਲਾਂਕਿ ਸਿਆਸੀ ਮਸਲਿਆਂ 'ਚ ਉਨ੍ਹਾਂ ਦਾ ਦਖ਼ਲ ਹੁਣ ਤਕ ਘੱਟ ਹੀ ਦਿਖਾਈ ਦਿੱਤਾ ਹੈ। ਇਸ ਤੋਂ ਇਲਾਵਾ ਚੀਨ ਦੀ ਯਾਤਰਾ ਤੋਂ ਇਲਾਵਾ ਉਹ ਕਿਮ ਦੇ ਨਾਲ ਕਿਸੇ ਸ਼ਿਖਰਵਾਰਤਾ ਦੌਰਾਨ ਵੀ ਦਿਖਾਈ ਨਹੀਂ ਦਿੱਤੇ।


ਕਿਮ ਦੀ ਹਾਲਤ ਦੇ ਮੱਦੇਨਜ਼ਰ ਜੇਕਰ ਉੱਤਰੀ ਕੋਰੀਆ ਦੀ ਸਮਾਚਾਰ ਏਜੰਸੀ ਕੇਸੀਐਨਏ ਦੀ ਗੱਲ ਕਰੀਏ ਤਾਂ ਇਸ 'ਚ ਕਿਮ ਨਾਲ ਜੁੜੀਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਕਿਮ ਨੇ 21 ਅਪ੍ਰੈਲ ਨੂੰ ਕਿਊਬਾ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾ ਸੰਦੇਸ਼ ਭੇਜਿਆ ਹੈ।


ਉੱਤਰੀ ਕੋਰੀਆ ਦੀ ਸਮਾਚਾਰ ਏਜੰਸੀ 'ਚ ਕੁਝ ਬਦਲਾਅ ਜ਼ਰੂਰ ਦਿਖਾਈ ਦੇ ਰਿਹਾ ਹੈ। ਪਹਿਲਾਂ ਇਸ ਏਜੰਸੀ ਦੀ ਵੈਬਸਾਈਟ 'ਤੇ ਕਿਮ ਜੋਂਗ ਉਨ ਦੀਆਂ ਤਸਵੀਰਾਂ ਹੋਇਆ ਕਰਦੀਆਂ ਸਨ ਜੋ ਹੁਣ ਦਿਖਾਈ ਨਹੀਂ ਦਿੰਦੀਆਂ। ਇਸ ਤੋਂ ਅਜਿਹੀਆਂ ਗੱਲਾਂ ਨੂੰ ਹੁੰਗਾਰਾ ਮਿਲ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ। ਕਿਮ ਪਹਿਲਾਂ ਵੀ ਮੋਟਾਪੇ ਕਾਰਨ ਕਈ ਬਿਮਾਰੀਆਂ ਤੋਂ ਪੀੜਤ ਹਨ। (ਸ੍ਰੋਤ-ਕੌਮਾਂਤਰੀ ਖਬਰ ਏਜੰਸੀਆਂ)