ਬੀਜਿੰਗ: ਭਾਰਤ ਵਿੱਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਤੇ ਉੱਧਰ ਚੀਨ ਦੇ ਕਿੰਡਰਗਾਰਡਨ ਸਕੂਲ ਵਿੱਚ ਪ੍ਰਿੰਸੀਪਲ ਨੂੰ ਪਹਿਲੇ ਦਿਨ ਸਵਾਗਤ ਲਈ ਪੋਲ ਡਾਂਸ ਕਰਾਉਣਾ ਮਹਿੰਗਾ ਪੈ ਗਿਆ। ਸਕੂਲ ਪ੍ਰਿੰਸੀਪਲ ਦੀ ਨੌਕਰੀ ਦਾਅ ’ਤੇ ਲੱਗ ਗਈ। ਮਾਮਲਾ ਦੱਖਣ ਚੀਨ ਦੇ ਗੁਆਂਗਦੋਂਗ ਪ੍ਰਾਂਤ ਦਾ ਹੈ।

ਬੱਚਿਆਂ ਸਾਹਮਣੇ ਪੋਲ ਡਾਂਸ ਕਰਾਉਣ ’ਤੇ ਬੱਚਿਆਂ ਦੇ ਮਾਪੇ ਕਾਫੀ ਨਾਰਾਜ਼ ਹੋ ਗਏ। ਵਿਰੋਧ ਵਧਦਾ ਦੇਖ ਸਕੂਲ ਪ੍ਰਸ਼ਾਸਨ ਨੇ ਪ੍ਰਿੰਸੀਪਲ ਨੂੰ ਬਰਖ਼ਾਸਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਨੇ ਜਿਸ ਪੋਲ ’ਤੇ ਡਾਂਸ ਕੀਤਾ, ਉਸ ਪੋਲ ’ਤੇ ਚੀਨ ਦਾ ਰਾਸ਼ਟਰੀ ਝੰਡਾ ਬੰਨ੍ਹਿਆ ਹੋਇਆ ਸੀ।

ਇਸ ਕਾਰਨਾਮੇ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ ਤਾਂ ਲੋਕਾਂ ਨੇ ਇਸ ਖ਼ਿਲਾਫ਼ ਮੋਰਚਾ ਖੋਲ੍ਹ ਲਿਆ। ਮਾਪਿਆਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦਾ ਡਾਂਸ ਕਰਾਉਣਾ ਮੰਦਭਾਗਾ ਹੈ।

ਸਕੂਲ ਦੇ ਪਹਿਲੇ ਦਿਨ ਬੱਚਿਆਂ ਦੇ ਸਵਾਗਤ ਲਈ ਪ੍ਰਿੰਸੀਪਲ ਨੇ ਪੋਲ ਡਾਂਸਰਾਂ ਨੂੰ ਬਾਹਰੋਂ ਬੁਲਵਾਇਆ ਸੀ ਪਰ ਪ੍ਰਿੰਸੀਪਲ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਇਹ ਕਦਮ ਉਸ ਲਈ ਕਿੰਨਾ ਖ਼ਤਰਨਾਕ ਸਾਬਤ ਹੋਏਗਾ। ਇਸ ਪ੍ਰੋਗਰਾਮ ਦੌਰਾਨ 3 ਤੋਂ 6 ਸਾਲ ਦੀ ਉਮਰ ਦੇ 500 ਬੱਚੇ ਤੇ 100 ਮਾਪੇ ਹਾਜ਼ਰ ਸਨ।




ਪ੍ਰਿੰਸੀਪਲ ਲਾਈ ਰੋਂਗ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੋਲ ਡਾਂਸ ਜ਼ਰੀਏ ਉਹ ਬੱਚਿਆਂ ਨੂੰ ਡਾਂਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਸੀ। ਲੋਕਾਂ ਦੀਆਂ ਆਲੋਚਨਾਵਾਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਉਹ ਆਤਮਾ ਹੱਤਿਆ ਕਰ ਸਕਦੀ ਹੈ। ਇਸ ਦੇ ਬਾਅਦ ਉਸ ਲਿਖਤੀ ਤੌਰ ’ਤੇ ਇਸ ਗ਼ਲਤੀ ਲਈ ਮੁਆਫ਼ੀ ਵੀ ਮੰਗੀ।