ਚੰਡੀਗੜ੍ਹ: ਪੰਜਾਬੀਆਂ ਦੇ ਮਨਪਸੰਦੀਦਾ ਮੁਲਕ ਕੈਨੇਡਾ ਵਿੱਚ ਭਲਕੇ ਫੈਡਰਲ ਚੋਣਾਂ ਹੋਣੀਆਂ ਹਨ। ਇਸ ਦੇ ਚੱਲਦਿਆਂ ਕੈਨੇਡਾ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ। ਕੈਨੇਡਾ ਵਿੱਚ ਕੁੱਲ 338 ਸੰਸਦੀ ਸੀਟਾਂ ਹਨ ਤੇ ਬਹੁਮਤ ਲਈ 170 ਸੀਟਾਂ ਲੋੜੀਂਦੀਆਂ ਹਨ। 338 ਸੀਟਾਂ ਲਈ ਕੁੱਲ 2,146 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਤੇ 21 ਦੇ ਕਰੀਬ ਸਿਆਸੀ ਪਾਰਟੀਆਂ ਰਜਿਸਟਰਡ ਹਨ। ਖ਼ਾਸ ਗੱਲ ਇਹ ਹੈ ਕਿ ਕੈਨੇਡਾ ਦੀਆਂ ਚੋਣਾਂ ਵਿੱਚ ਪੰਜਾਬੀਆਂ ਦੀ ਵੱਡੀ ਭੂਮਿਕਾ ਰਹਿਣ ਵਾਲੀ ਹੈ।


ਕੈਨੇਡਾ ਵਿੱਚ ਰਹਿੰਦੇ ਵੱਡੀ ਗਿਣਤੀ ਪੰਜਾਬੀ ਚੋਣਾਂ ਵਿੱਚ ਮੁਕਾਬਲਾ ਕਰ ਰਹੇ ਹਨ। ਸਭ ਤੋਂ ਅਹਿਮ ਜਗਮੀਤ ਸਿੰਘ, ਜੋ ਐਨਡੀਪੀ ਵੱਲੋਂ PM ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਟਿਮ ਉੱਪਲ ਐਡਮਿੰਟਨ ਮਿਲ ਵੁੱਡਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ। ਟਿਮ ਉੱਪਲ ਦਾ ਮੁਕਾਬਲਾ ਲਿਬਰਲ ਦੇ ਉਮੀਦਵਾਰ ਅਮਰਜੀਤ ਸੋਹੀ ਨਾਲ ਹੈ। ਸੋਹੀ ਟਰੂਡੋ ਸਰਕਾਰ ਵਿੱਚ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤ ਮੰਤਰੀ ਰਹੇ ਹਨ।


ਇਸ ਦੇ ਨਾਲ ਹੀ ਹਰਜੀਤ ਸਿੰਘ ਸੱਜਣ ਵੈਨਕੂਵਰ ਦੱਖਣੀ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ। ਯਾਦ ਰਹੇ ਸੱਜਣ ਕੈਨੇਡਾ ਦੇ 42ਵੇਂ ਰੱਖਿਆ ਮੰਤਰੀ ਵੀ ਰਹੇ ਹਨ। ਨਵਦੀਪ ਸਿੰਘ ਬੈਂਸ ਮਾਲਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ। ਬੈਂਸ ਇਨੋਵੇਸ਼ਨ, ਸਾਇੰਸ ਅਤੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਰਹਿ ਚੁੱਕੇ ਹਨ। ਸੋਨੀਆ ਸਿੱਧੂ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ।


ਸਰੀ ਨਿਊਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ ਤੇ NDP ਦੇ ਹਰਜੀਤ ਸਿੰਘ ਗਿੱਲ ਤੇ ਲਿਬਰਲ ਦੇ ਸੁੱਖ ਧਾਲੀਵਾਲ ਵਿਚਾਲੇ ਸਖ਼ਤ ਟੱਕਰ ਵੇਖਣ ਨੂੰ ਮਿਲੇਗੀ। ਸਰੀ ਸੈਂਟਰਲ ਤੋਂ ਕੰਜ਼ਰਵੇਟਿਵ ਦੇ ਟੀਨਾ ਬੈਂਸ, ਲਿਬਰਲ ਦੇ ਰਨਦੀਪ ਸਰਾਏ ਤੇ NDP ਦੇ ਸੁਰਜੀਤ ਸਿੰਘ ਵਿਚਾਲੇ ਮੁਕਾਬਲਾ ਹੋਏਗਾ। ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਦੇ ਰਾਮੋਨਾ ਸਿੰਘ, ਲਿਬਰਲ ਦੇ ਮਨਿੰਦਰ ਸਿੱਧੂ ਤੇ NDP ਦੇ ਸ਼ਰਨਜੀਤ ਸਿੰਘ ਵਿਚਾਲੇ ਮੁਕਾਬਲਾ ਹੈ।