ਵਾਸ਼ਿੰਗਟਨ: ਅਲਕਾਇਦਾ ਦਾ ਸਰਗਨਾ ਓਸਾਮਾ ਬਿਨ ਲਾਦੇਨ ਕਸ਼ਮੀਰ ਬਾਰੇ ਪਲ-ਪਲ ਦੀ ਖਬਰ ਰੱਖਦਾ ਸੀ। ਇਹ ਖੁਲਾਸਾ ਅਮਰੀਕੀ ਇੰਟੈਲੀਜੈਂਸ ਏਜੰਸੀ ਸੀਆਈਏ ਵੱਲੋਂ ਜਾਰੀ ਫਾਈਲਾਂ ਰਾਹੀਂ ਹੋਇਆ ਹੈ। ਸੀਆਈਏ ਨੇ ਲਾਦੇਨ ਨੂੰ ਮਾਰ ਸੁੱਟਣ ਵਾਲੇ ਆਪਰੇਸ਼ਨ ਨਾਲ ਜੁੜੀਆਂ 47,0,000 ਫਾਈਲਾਂ ਜਾਰੀ ਕੀਤੀਆਂ ਹਨ।
ਸਾਲ 2011 'ਚ ਅਮਰੀਕਾ ਨੇ ਇੱਕ ਇੰਟੈਲੀਜੈਂਸ ਆਪ੍ਰੇਸ਼ਨ ਤਹਿਤ ਲਾਦੇਨ ਨੂੰ ਮਾਰ ਸੁੱਟਿਆ ਸੀ। ਇਹ ਚੌਥਾ ਮੌਕਾ ਹੈ ਜਦ ਸੀਆਈਏ ਨੇ ਲਾਦੇਨ ਨਾਲ ਜੁੜੇ ਕਾਗਜ਼, ਤਸਵੀਰਾਂ ਤੇ ਕੰਪਿਊਟਰ ਫਾਈਲਾਂ ਨੂੰ ਜਾਰੀ ਕੀਤਾ ਹੈ। ਸਾਰਾ ਮਟੀਰੀਅਲ ਸੀਆਈਏ ਨੇ ਉਸ ਵੇਲੇ ਜਬਤ ਕੀਤਾ ਸੀ ਜਦੋਂ ਆਪ੍ਰੇਸ਼ਨ ਦੌਰਾਨ ਲਾਦੇਨ ਨੂੰ ਮਾਰਿਆ ਗਿਆ ਸੀ।
ਇਸ ਤੋਂ ਪਹਿਲਾਂ ਸੀਆਈਏ ਨੇ ਮਈ 2015 'ਚ ਤੇ ਮਾਰਚ 2016 'ਚ ਲਾਦੇਨ ਦੀਆਂ ਕੁਝ ਜਾਣਕਾਰੀਆਂ ਲੋਕਾਂ ਨੂੰ ਦੱਸੀਆਂ ਸਨ। ਇਨ੍ਹਾਂ ਫਾਈਲਾਂ ਤੋਂ ਪਤਾ ਲੱਗਿਆ ਹੈ ਕਿ ਲਾਦੇਨ ਕਸ਼ਮੀਰ 'ਚ ਚਲ ਰਹੀਆਂ ਸਰਗਰਮੀਆਂ ਤੇ 2008 ਮੁੰਬਈ ਹਮਲਿਆਂ ਦੇ ਮਾਮਲੇ 'ਚ ਪਾਕਿਸਤਾਨ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਖਿਲਾਫ ਚੱਲ ਰਹੇ ਮੁਕੱਦਮੇ 'ਤੇ ਪੂਰੀ ਨਜ਼ਰ ਰੱਖਦਾ ਸੀ।
ਇਨ੍ਹਾਂ ਫਾਈਲਾਂ 'ਚ ਹੀ ਓਸਾਮਾ ਦੇ ਮੁੰਡੇ ਦੀ ਸ਼ਾਦੀ ਦੀ ਵੀਡੀਓ ਤੇ ਸਾਊਦੀ 'ਚ ਪੈਦਾ ਹੋਏ ਅੱਤਵਾਦੀ ਦੀਆਂ ਡਾਇਰੀਆਂ ਸ਼ਾਮਲ ਹਨ। ਫਾਈਲਾਂ ਤੋਂ ਪਤਾ ਲੱਗਦਾ ਹੈ ਕਿ ਲਾਦੇਨ ਭਾਰਤ ਦੇ ਕੁਝ ਵੱਡੇ ਅਖਬਾਰਾਂ ਦਾ ਪੱਕਾ ਪਾਠਕ ਵੀ ਸੀ।