ਜਰਮਨੀ: ਯੂਰਪ ਦੀ ਕੌਮਾਂਤਰੀ ਪੱਧਰ ਦੀ ਅਤੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਉਡਾਣਾਂ 'ਚੋਂ ਇੱਕ 'ਲੁਫਥਾਂਸਾ' ਏਅਰਲਾਈਨਜ਼ ਦੀ ਮੈਗਜ਼ੀਨ ਨੇ ਸਿੱਖ ਕੌਮ ਦੇ ਲੰਗਰ ਦੇ ਸਿਧਾਂਤ ਦੀ ਸ਼ਲਾਘਾ ਕੀਤੀ ਹੈ। Reinhard Keck ਨੇ ਲੰਗਰ ਬਣਾਉਣ ਤੋਂ ਲੈ ਕੇ ਲੰਗਰ ਵਰਤਾਉਣ ਤੱਕ ਦੀ ਵਿਧੀ ਬਾਰੇ ਖੋਜ ਭਰਪੂਰ ਲੇਖ ਲਿਖਿਆ ਹੈ।

ਮੈਗਜ਼ੀਨ ਦੇ ਲੇਖ ਅਨੁਸਾਰ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ 'ਚ ਰੋਜ਼ਾਨਾ 1 ਲੱਖ ਦੇ ਕਰੀਬ ਲੋਕ ਲੰਗਰ ਛਕਦੇ ਨੇ। ਲੇਖ ਦੇ ਲੇਖਕ ਨੇ ਲਿਖਿਆ ਹੈ ਕਿ, 'ਜਦੋਂ ਮੈਂ ਉਸ ਪਵਿੱਤਰ ਸਥਾਨ ਵਿਖੇ ਗਿਆ ਤਾਂ ਉੱਥੇ ਦੀ ਖ਼ੂਬਸੂਰਤੀ ਨੇ ਮੰਤਰ ਮੁਗਧ ਕਰ ਦਿੱਤਾ। ਇੱਕ ਬਜ਼ੁਰਗ ਮੈਨੂੰ ਉੱਥੋਂ ਦੇ ਕਿਚਨ 'ਚ ਲੈ ਕੇ ਗਿਆ ਜਿਸ ਨੂੰ ਲੰਗਰ ਕਹਿੰਦੇ ਨੇ, ਉੱਥੇ ਸਭ ਨੂੰ ਮੁਫਤ ਖਾਣਾ ਪਰੋਸਿਆ ਜਾਂਦਾ ਹੈ ਤੇ ਖਾਣਾ ਬਹੁਤ ਹੀ ਸਾਫ਼-ਸੁਥਰਾ ਤੇ ਸ਼ੁੱਧ ਹੁੰਦਾ ਹੈ, ਸਾਰੇ ਅਨੁਸ਼ਾਸਨ ਵਿੱਚ ਬੈਠ ਕੇ ਖਾਣਾ ਖਾਂਦੇ ਨੇ।

ਇੱਕ ਅੰਦਾਜ਼ੇ ਮੁਤਾਬਿਕ ਦਿਨ ਰਾਤ ਦੇ ਪੂਰੇ 24 ਘੰਟੇ ਚੱਲਦੇ ਲੰਗਰ 'ਚ 10000 ਕਿੱਲੋ ਆਟਾ, 1000 ਕਿੱਲੋ ਚਾਵਲ, 13,000 ਕਿੱਲੋ ਦਾਲ ਤੇ 2000 ਕਿੱਲੋ ਸਬਜ਼ੀਆਂ ਪੱਕਦੀਆਂ ਨੇ, ਸਾਰਾ ਖਾਣਾ ਦੇਸੀ ਘਿਉ ਨਾਲ ਬਣਾਇਆ ਜਾਂਦਾ ਹੈ। ਸਿੱਖ ਕੌਮ ਦੇ ਇਸ ਸਿਧਾਂਤ ਨੇ ਬਹੁਤ ਪ੍ਰਭਾਵਿਤ ਕੀਤਾ।" ਲੁਫਥਾਂਸਾ ਏਅਰਲਾਈਨਜ਼ ਚ ਸਫ਼ਰ ਕਰਨ ਵਾਲੇ ਯਾਤਰੀ ਨੂੰ ਪੜ੍ਹਨ ਲਈ 'ਲੁਫਥਾਂਸਾ' ਮੈਗਜ਼ੀਨ ਮੁਹੱਈਆ ਕਰਵਾਇਆ ਜਾਂਦਾ ਹੈ। ਦੁਨੀਆ ਭਰ 'ਚ ਵੱਸਦੇ ਸਿੱਖ ਭਾਈਚਾਰੇ ਨੇ 'ਲੁਫਥਾਂਸਾ' ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਹੈ।