Lebanon Pager Blast Planning Exposed: 17 ਸਤੰਬਰ ਨੂੰ ਲੇਬਨਾਨ ਵਿੱਚ ਪੇਜਰ ਧਮਾਕੇ ਹੋਏ ਸਨ। ਹਿਜ਼ਬੁੱਲਾ ਨੇ ਇਸ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਅਮਰੀਕੀ ਖੁਫੀਆ ਸੂਤਰਾਂ ਨੇ ਵੀ ਏਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਇਨ੍ਹਾਂ ਪੇਜਰਾਂ ਨੂੰ ਬਣਾਉਣ ਵਿੱਚ ਇਜ਼ਰਾਈਲ ਦਾ ਹੱਥ ਸੀ। ਉਹ ਪਿਛਲੇ 15 ਸਾਲਾਂ ਤੋਂ ਇਹ ਯੋਜਨਾ ਬਣਾ ਰਿਹਾ ਸੀ।


ਏਬੀਸੀ ਨਿਊਜ਼ ਮੁਤਾਬਕ ਹਮਲੇ ਦੀ ਯੋਜਨਾ ਵਿੱਚ ਸ਼ੈੱਲ ਕੰਪਨੀਆਂ ਸ਼ਾਮਲ ਸਨ। ਵੱਖ-ਵੱਖ ਪੱਧਰਾਂ 'ਤੇ ਇਜ਼ਰਾਈਲੀ ਖੁਫੀਆ ਅਧਿਕਾਰੀ ਇਸ ਯੋਜਨਾ ਨੂੰ ਅੱਗੇ ਵਧਾ ਰਹੇ ਸਨ। ਖੁਫੀਆ ਅਧਿਕਾਰੀਆਂ ਨੇ ਇਕ ਕੰਪਨੀ ਬਣਾਈ ਸੀ, ਜੋ ਰਿਕਾਰਡ ਅਨੁਸਾਰ ਲੰਬੇ ਸਮੇਂ ਤੋਂ ਪੇਜਰਾਂ ਦਾ ਨਿਰਮਾਣ ਕਰ ਰਹੀ ਸੀ।


ਕੰਪਨੀ ਵਿੱਚ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਇਸ ਸਾਜ਼ਿਸ਼ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੂਤਰਾਂ ਨੇ ਦੱਸਿਆ ਕਿ ਪੇਜਰਾਂ 'ਚ 25-50 ਗ੍ਰਾਮ ਵਿਸਫੋਟਕ ਲਾਇਆ ਗਿਆ ਸੀ। ਇਸ ਨੂੰ ਚਾਲੂ ਕਰਨ ਲਈ ਰਿਮੋਟ ਨਾਲ ਵੀ ਜੁੜਿਆ ਹੋਇਆ ਸੀ।


ਜਿਨ੍ਹਾਂ ਪੇਜਰਾਂ 'ਚ ਧਮਾਕਾ ਹੋਇਆ ਸੀ, ਉਨ੍ਹਾਂ ਨੂੰ ਹਿਜ਼ਬੁੱਲਾ ਨੇ ਕਰੀਬ 5 ਮਹੀਨੇ ਪਹਿਲਾਂ ਖਰੀਦਿਆ ਸੀ। ਇਸ ਦੇ ਨਾਲ ਹੀ ਇਕ ਹੋਰ ਸੰਚਾਰ ਯੰਤਰ ਵਾਕੀ-ਟਾਕੀ ਵੀ ਖਰੀਦਿਆ ਗਿਆ ਸੀ, ਜੋ 18 ਸਤੰਬਰ ਨੂੰ ਫਟ ਗਿਆ ਸੀ। 19 ਸਤੰਬਰ ਨੂੰ ਆਪਣੇ ਭਾਸ਼ਣ ਵਿੱਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੇ ਕਿਹਾ ਕਿ ਸੰਗਠਨ ਦੇ ਪ੍ਰਮੁੱਖ ਨੇਤਾਵਾਂ ਕੋਲ ਪੁਰਾਣੇ ਪੇਜ਼ਰ ਸਨ। ਉਨ੍ਹਾਂ ਕੋਲ ਉਹ ਨਵੇਂ ਯੰਤਰ ਨਹੀਂ ਸਨ ਜਿਨ੍ਹਾਂ ਰਾਹੀਂ ਹਮਲਾ ਕੀਤਾ ਗਿਆ ਸੀ।


ਨਸਰੁੱਲਾ ਨੇ ਕਿਹਾ ਸੀ ਕਿ ਇਜ਼ਰਾਈਲ ਪੇਜਰਾਂ ਰਾਹੀਂ 5 ਹਜ਼ਾਰ ਹਿਜ਼ਬੁੱਲਾ ਮੈਂਬਰਾਂ ਨੂੰ ਮਾਰਨਾ ਚਾਹੁੰਦਾ ਸੀ। ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਹਿਜ਼ਬੁੱਲਾ ਇਨ੍ਹਾਂ ਯੰਤਰਾਂ ਦੀ ਵਰਤੋਂ ਕਰਦਾ ਹੈ। ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਏਜੰਸੀ ਸੀਆਈਏ ਲੰਬੇ ਸਮੇਂ ਤੋਂ ਅਜਿਹੇ ਅਪਰੇਸ਼ਨਾਂ ਨੂੰ ਟਾਲ ਰਹੀ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਨਾਗਰਿਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।


ਸ਼ੁਰੂਆਤੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੇਬਨਾਨ ਵਿੱਚ ਵਿਸਫੋਟ ਕਰਨ ਵਾਲੇ ਪੇਜਰਾਂ ਨੂੰ ਹੰਗਰੀ ਦੀ ਕੰਪਨੀ ਬੀਏਸੀ ਕੰਸਲਟਿੰਗ ਦੁਆਰਾ ਤਾਈਵਾਨੀ ਕੰਪਨੀ ਗੋਲਡ ਅਪੋਲੋ ਨਾਲ ਇੱਕ ਸਮਝੌਤੇ ਦੇ ਤਹਿਤ ਬਣਾਇਆ ਗਿਆ ਸੀ। ਹਾਲਾਂਕਿ, ਹੰਗਰੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੇਜਰ ਬਣਾਉਣ ਵਾਲੀ ਕੰਪਨੀ ਦੀ ਦੇਸ਼ ਵਿੱਚ ਕੋਈ ਫੈਕਟਰੀ ਨਹੀਂ ਹੈ ਅਤੇ ਨਾ ਹੀ ਇਹ ਪੇਜਰ ਹੰਗਰੀ ਵਿੱਚ ਬਣਾਏ ਗਏ ਸਨ।