ਨਵੀਂ ਦਿੱਲੀ: ਭਾਰਤੀ ਬੈਂਕਾਂ ਦਾ ਕਰੋੜਾਂ ਰੁਪਇਆ ਲੈ ਵਿਦੇਸ਼ ਭੱਜੇ ਵਿਜੇ ਮਾਲਿਆ ਸਬੰਧੀ 31 ਜੁਲਾਈ ਨੂੰ ਲੰਦਨ ਕੋਰਟ ਦਾ ਫੈਸਲਾ ਆ ਸਕਦਾ ਹੈ। ਕੋਰਟ 'ਚ ਉਸੇ ਦਿਨ ਵਿਜੇ ਮਾਲਿਆ ਦੀ ਭਾਰਤ ਹਵਾਲਗੀ ਦੇ ਮਾਮਲੇ 'ਤੇ ਆਖਰੀ ਬਹਿਸ ਹੋਵੇਗੀ। ਬਹਿਸ ਮੁਕੰਮਲ ਹੋਣ ਤੋਂ ਬਾਅਦ ਕੋਰਟ ਆਪਣਾ ਫੈਸਲਾ ਸੁਣਾਵੇਗੀ।
ਸੀਬੀਆਈ ਤੇ ਈਡੀ ਅਧਿਕਾਰੀ ਕੋਰਟ 'ਚ ਰਹਿਣਗੇ ਹਾਜ਼ਰ
ਭਾਰਤ ਸਰਕਾਰ ਨੂੰ ਭੇਜੇ ਸੰਦੇਸ਼ 'ਚ ਲੰਦਨ ਕੋਰਟ ਨੇ ਕਿਹਾ ਹੈ ਕਿ 31 ਜੁਲਾਈ ਨੂੰ ਸੀਬੀਆਈ ਤੇ ਈਡੀ ਅਧਿਕਾਰੀ ਕੋਰਟ 'ਚ ਹਾਜ਼ਰ ਰਹਿਣ। ਜ਼ਿਕਰਯੋਗ ਹੈ ਕਿ ਸੀਬੀਆਈ ਤੇ ਈਡੀ ਦੀ ਅਪੀਲ 'ਤੇ ਲੰਦਨ ਕਰੋਟ 'ਚ ਵਿਜੇ ਮਾਲਿਆ ਦੀ ਭਾਰਤ ਹਵਾਲਗੀ ਮਾਮਲੇ 'ਤੇ ਪਿਛਲੇ ਸਾਲ ਤੋਂ ਸੁਣਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਲੰਦਨ ਕੋਰਟ ਮਾਲਿਆ ਨੂੰ ਜਾਇਦਾਦ ਜ਼ਬਤ ਕਰਨ ਦੇ ਮਾਮਲੇ 'ਚ ਝਟਕਾ ਦੇ ਚੁੱਕੀ ਹੈ।
ਹਵਾਲਗੀ ਦੀਆਂ ਸ਼ਰਤਾਂ ਸਖ਼ਤ
ਹਵਾਲਗੀ ਦੀਆਂ ਸ਼ਰਤਾਂ ਕਾਫੀ ਸਖਤ ਹੁੰਦੀਆਂ ਹਨ। ਇਸ ਲਈ ਮਾਲਿਆ ਨੂੰ ਭਾਰਤ ਲਿਆਉਣ 'ਚ ਦੇਰੀ ਹੋ ਰਹੀ ਹੈ। ਬੈਂਕਾਂ ਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਲਈ ਈਡੀ ਨੇ ਅਦਾਲਤ 'ਚ ਮਾਲਿਆ ਦੀ 12,500 ਕਰੋੜ ਦੀ ਸੰਪੱਤੀ ਜ਼ਬਤ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮਾਲਿਆ ਖਿਲਾਫ ਆਰਥਿਕ ਅਪਰਾਧੀ ਭਗੌੜਾ ਅਧਿਨਿਯਮ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ।