ਲੁਧਿਆਣਾ: ਪੰਜਾਬ ਦਾ ਜੰਮਪਲ਼ ਅੰਸ਼ਦੀਪ ਸਿੰਘ ਭਾਟੀਆ ਪਹਿਲਾ ਸਿੱਖ ਹੈ, ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਕਰੇਗਾ। ਅੰਸ਼ਦੀਪ ਨੇ ਪਿਛਲੇ ਹਫ਼ਤੇ ਹੀ ਰਾਸ਼ਟਰਪਤੀ ਦੀ ਸੁਰੱਖਿਆ ਗਾਰਦ ਵਿੱਚ ਸ਼ਾਮਲ ਹੋਣ ਲਈ ਲੋੜੀਂਦੀ ਸਿਖਲਾਈ ਪੂਰੀ ਕੀਤੀ ਹੈ। ਅੰਸ਼ਦੀਪ ਨੇ ਇਹ ਸਭ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਸੰਭਵ ਕੀਤਾ ਹੈ।




ਅੰਸ਼ਦੀਪ ਦਾ ਸੁਫ਼ਨਾ ਸੀ ਕਿ ਉਹ ਇੱਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਸ਼ਾਮਲ ਹੋਵੇ, ਪਰ ਉਸ ਦੀ ਦਿੱਖ (ਦਸਤਾਰ ਤੇ ਕੇਸ) ਇਸ ਰਾਹ 'ਚ ਰੋੜਾ ਬਣ ਰਹੇ ਸਨ। ਉਸ ਨੇ ਹਾਰ ਨਾ ਮੰਨੀ ਤੇ ਅਦਾਲਤ ਦਾ ਬੂਹਾ ਖੜਕਾਇਆ। ਉਸ ਨੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਗਾਰਦ ਵਿੱਚ ਸ਼ਾਮਲ ਹੋਣ ਲਈ ਕੇਸ ਤੇ ਦਸਤਾਰ ਨੂੰ ਹਟਾਉਣ ਦੀ ਸਲਾਹ ਦੇਣ ਵਾਲਿਆਂ ਨੂੰ ਅਦਾਲਤੀ ਹੁਕਮਾਂ ਨਾਲ ਮੂੰਹ ਤੋੜ ਜਵਾਬ ਦਿੱਤਾ। ਅੰਸ਼ਦੀਪ ਦਾ ਇੱਥੋਂ ਤਕ ਪਹੁੰਚਣ ਦਾ ਸਫ਼ਰ ਕੋਈ ਸੌਖਾ ਨਹੀਂ ਸੀ।



ਅੰਸ਼ਦੀਪ ਦਾ ਪਰਿਵਾਰ 1984 ਦੇ ਸਿੱਖ ਕਤਲੇਆਮ ਸਮੇਂ ਕਾਨਪੁਰ ਤੋਂ ਲੁਧਿਆਣਾ ਆ ਕੇ ਵੱਸ ਗਿਆ ਸੀ। ਕਾਨਪੁਰ ਦੇ ਬਾੜਾ ਦੀ ਕੇਡੀਏ ਕਾਲੋਨੀ ਵਿੱਚ ਉਨ੍ਹਾਂ ਦੇ ਪੁਸ਼ਤੈਨੀ ਮਕਾਨ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਅੰਸ਼ਦੀਪ ਦਾ ਤਾਇਆ ਮਾਰਿਆ ਗਿਆ ਸੀ। ਉਸ ਦੇ ਪਰਿਵਾਰ ਨਾਲ ਇਹ ਉਦੋਂ ਵਾਪਰਿਆ ਜਦ ਨਵੰਬਰ ਦੇ ਦੂਜੇ ਹਫ਼ਤੇ ਉਸ ਦੀ ਭੂਆ ਦੀ ਵਿਆਹ ਧਰਿਆ ਹੋਇਆ ਸੀ ਤੇ ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ।



ਅੰਸ਼ਦੀਪ ਦੇ ਪਿਤਾ ਵੀ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਦੋ ਗੋਲ਼ੀਆਂ ਲੱਗੀਆਂ ਸਨ। ਉਸ ਦੇ ਦਾਦਾ ਅਮਰੀਕ ਸਿੰਘ ਭਾਟੀਆ ਕਾਨਪੁਰ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਸਨ। ਪਰਿਵਾਰ ਨਾਲ ਇਹ ਦਰਦਨਾਕ ਹਾਦਸਾ ਵਾਪਰਨ ਕਾਰਨ ਉਨ੍ਹਾਂ ਲੁਧਿਆਣਾ ਦੀ ਬਦਲੀ ਕਰਵਾ ਲਈ। ਅੰਸ਼ਦੀਪ ਦੇ ਪਿਤਾ ਦਾ ਕਾਨਪੁਰ ਵਿੱਚ ਦਵਾਈਆਂ ਦਾ ਕਾਰੋਬਾਰ ਸੀ ਤੇ ਉਨ੍ਹਾਂ ਦਾ ਵਿਆਹ ਲੁਧਿਆਣਾ ਵਿੱਚ ਹੀ ਹੋ ਗਿਆ। ਸਾਲ 2000 ਵਿੱਚ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ, ਉਦੋਂ ਅੰਸ਼ਦੀਪ ਸਿਰਫ਼ 10 ਸਾਲਾਂ ਦਾ ਸੀ।