ਫਰਾਂਸ: ਪੈਰਿਸ ਨੇੜਲੇ ਸ਼ਹਿਰ ਸੇਂਟ ਟਰੋਪਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਯੂਰਪ,ਇੰਗਲੈਂਡ ਅਤੇ ਭਾਰਤ ਤੋਂ ਅਹਿਮ ਸ਼ਖ਼ਸੀਅਤਾਂ ਨੇ ਇਸ ਮੌਕੇ ਹੋਏ ਸਮਾਗਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਫਰਾਂਸ ਸਥਿਤ ਭਾਰਤੀ ਐਬੰਸੀ ਦੇ ਰਾਜਦੂਤ ਡਾਕਟਰ ਮੋਹਨ ਕੁਮਾਰ ਵੀ ਮੌਜੂਦ ਸਨ।
ਭਾਰਤ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਉਚੇਚੇ ਤੌਰ ਉੱਤੇ ਸੇਂਟ ਟਰੋਪਜ਼ ਸ਼ਹਿਰ ਵਿੱਚ ਪਹੁੰਚੇ। ਕਾਂਸੀ ਦਾ ਇਹ ਬੁੱਤ ਫਰਾਂਸ ‘ਚ ਲਗਵਾਉਣ ਪਿੱਛੇ ਇਤਿਹਾਸਕ ਮਹੱਤਤਾ ਵੀ ਸੀ। ਸਿੱਖ ਜਰਨੈਲ ਮਹਾਰਾਜ ਰਣਜੀਤ ਸਿੰਘ ਨੇ ਫਰਾਂਸ ਦੇ ਜੀਨ ਫਰੈਂਕੁਇਸ ਅਲਾਰਡ ਨੂੰ ਆਪਣੀ ਫ਼ੌਜ ‘ਚ ਸ਼ਾਮਲ ਕਰ ਕੇ ਬ੍ਰਿਟਿਸ਼ ਰਾਜ ਦੇ ਪਸਾਰ ਨੂੰ ਠੱਲ੍ਹ ਪਾਈ ਸੀ।
ਅਲਾਰਡ ਫਰਾਂਸ ਦੇ ਸੇਂਟ ਟਰੋਪਜ਼ ਸ਼ਹਿਰ ਦੇ ਹੀ ਰਹਿਣ ਵਾਲੇ ਸਨ। ਇਸ ਕਰ ਕੇ ਇਸ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਹੋਣ ਉਤੇ ਫਰਾਂਸ ਵਿੱਚ ਰਹਿਣ ਵਾਲਾ ਸਿੱਖ ਭਾਈਚਾਰਾ ਕਾਫੀ ਖੁਸ਼ ਹੈ।ਫਰਾਂਸ ਵਿੱਚ ਲੰਮੇ ਸਮੇਂ ਤੋਂ ਰਹਿਣ ਵਾਲੇ ਰਘੁਬੀਰ ਸਿੰਘ ਕੋਹਾੜ ਅਤੇ ਕੁਲਵਿੰਦਰ ਸਿੰਘ ਅਨੁਸਾਰ ਇਸ ਉੱਦਮ ਨਾਲ ਇੱਥੇ ਰਹਿਣ ਵਾਲੇ ਸਿੱਖਾਂ ਦੇ ਮਾਣ ਵਿੱਚ ਵਾਧਾ ਹੋਇਆ ਹੈ।
ਉਹਨਾਂ ਆਖਿਆ ਕਿ ਫਰਾਂਸ ਦੇ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਦੇ ਦਸਤਾਰ ਦੀ ਮਨਾਹੀ ਹੈ ਪਰ ਇੱਕ ਦਸਤਾਰਧਾਰੀ ਮਹਾਰਾਜਾ ਦਾ ਬੁੱਤ ਸਥਾਪਤ ਕਰਕੇ ਫਰਾਂਸ ਸਰਕਾਰ ਨੇ ਸਿੱਖਾਂ ਨੂੰ ਵੱਡਾ ਮਾਣ ਦਿੱਤਾ ਹੈ। ਇਹ ਬੁੱਤ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਪ੍ਰਭਾਤ ਮੂਰਤੀ ਕਲਾ ਕੇਂਦਰ ਤੋਂ ਤਿਆਰ ਕਰਵਾਇਆ ਗਿਆ ਹੈ। ਇਸਦੀ ਉਚਾਈ 2 ਫੁੱਟ 8.68 ਇੰਚ ਤੇ ਭਾਰ 110 ਕਿੱਲੋਗਰਾਮ ਹੈ।