ਰਿਆਧ: ਸਾਊਦੀ ਅਰਬ ’ਚ ਇੱਕ ਬੰਦੇ ਨੂੰ ਮਹਿਲਾ ਨਾਲ ਬਰੇਕਫਾਸਟ ਕਰਨਾ ਮਹਿੰਗਾ ਪੈ ਗਿਆ। ਮਿਸਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਸੋਸ਼ਲ ਮੀਡੀਆ ’ਤੇ ਉਸ ਦੀ ਵੀਡੀਓ ਵਾਇਰਲ ਹੋ ਗਈ। ਦਰਅਸਲ ਇਸ ਆਦਮੀ ਨੇ ਆਪਣੇ ਟਵਿੱਟਰ ਆਕਾਊਂਟ ’ਤੇ ਮਹਿਲਾ ਨਾਲ ਬਰੇਕਫਾਸਟ ਕਰਦਿਆਂ ਦੀ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਮਹਿਲਾ ਨੇ ਬੁਰਕਾ ਪਾਇਆ ਹੋਇਆ ਸੀ। ਮਹਿਲਾ ਨੂੰ ਸਾਊਦੀ ਦੀ ਮੰਨਿਆ ਜਾ ਰਿਹਾ ਹੈ।

ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਕੋਈ ਮਹਿਲਾ ਮੈਕਡਾਨਲਜ਼, ਸਟਾਰਬਕਸ, ਆਫਿਸ ਤੇ ਰੇਸਤਰਾਂ ਵਰਗੀਆਂ ਥਾਵਾਂ ’ਤੇ ਪੁਰਸ਼ ਨਾਲ ਇਕੱਲੀ ਨਹੀਂ ਬੈਠ ਸਕਦੀ। ਇਨ੍ਹਾਂ ਥਾਵਾਂ ’ਤੇ ਮਹਿਲਾਵਾਂ ਨੂੰ ਪੁਰਸ਼ਾਂ ਤੋਂ ਦੂਰ ਬੈਠਣ ਦੀ ਹਦਾਇਤ ਹੈ। ਇੱਥੋਂ ਤਕ ਕਿ ਉਹ ਆਪਣੇ ਪਿਤਾ ਤੇ ਪਤੀ ਨਾਲ ਵੀ ਨਹੀਂ ਬੈਠ ਸਕਦੀਆਂ। ਮਹਿਲਾਵਾਂ ਨੂੰ ਸਿਰਫ ਆਪਣੇ ਪੁੱਤਰ ਜਾਂ ਭਰਾ ਨਾਲ ਹੀ ਬੈਠਣ ਦੀ ਇਜਾਜ਼ਤ ਹੈ।

ਉਕਤ ਆਦਮੀ ਨੂੰ ਸਮਾਜਕ ਵਿਕਾਸ ਮੰਤਰਾਲੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਆਦਮੀ ਨੇ ਸਾਊਦੀ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਸਮਾਜ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਆਦਮੀ ਦੀ ਗ੍ਰਿਫਤਾਰੀ ਦੇ ਬਾਅਦ ਟਵਿੱਟਰ ’ਤੇ ਅਰਬੀ ਹੈਸ਼ਟੈਗ ‘ਇੱਕ ਮਿਸਰ ਦਾ ਸਾਊਦੀ ਨਾਲ ਨਾਸ਼ਤਾ’ ਕਰੀਬ 1,13,000 ਵਾਰ ਪੋਸਟ ਕੀਤਾ ਗਿਆ।

ਸਭ ਤੋਂ ਵੱਧ ਵਿਵਾਦ ਮਹਿਲਾ ਵੱਲੋਂ ਪੁਰਸ਼ ਨੂੰ ਆਪਣੇ ਹੱਥ ਨਾਲ ਖਾਣਾ ਖਿਲਾਉਣ ਕਰਕੇ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਜ਼ਿਆਦਾਤਰ ਸਾਊਦੀ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਪੁਰਸ਼ ਨੂੰ ਸਜ਼ਾ ਦੇਣਾ ਗਲਤ ਹੈ, ਮਹਿਲਾ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ। ਸਾਊਦੀ ਦੇ ਕੁਝ ਲੋਕ ਕਹਿ ਰਹੇ ਹਨ ਕਿ ਜੋ ਮਿਸਰੀ ਪੁਰਸ਼ ਨੇ ਸਾਊਦੀ ਮਹਿਲਾ ਨਾਲ ਖਾਣਾ ਖਾ ਲਿਆ ਜਾਂ ਹਾਸਾ ਮਖੌਲ ਕਰ ਲਿਆ ਤਾਂ ਇਸ ਵਿੱਚ ਕੁਝ ਗ਼ਲਤ ਨਹੀਂ। ਲੋਕ ਪੁਰਸ਼ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ।



ਉੱਧਰ ਮਿਸਰ ਦੇ ਨਾਗਰਿਕ ਦੇ ਕਹਿਣਾ ਹੈ ਕਿ ਕਿਸੇ ਨਾਲ ਬੈਠ ਕੇ ਖਾਣਾ ਖਾਣ ਦੀ ਮਹਿਜ਼ ਵੀਡੀਓ ’ਤੇ ਇਸ ਤਰ੍ਹਾਂ ਦੇ ਵਤੀਰੇ ਤੋਂ ਸਾਊਦੀ ਦੀ ਤਾਨਾਸ਼ਾਹੀ ਮਾਨਸਿਕਤਾ ਦੇ ਹੰਕਾਰ ਨਜ਼ਰ ਆਉਂਦਾ ਹੈ।