ਬੀਜਿੰਗ: ਚੀਨ ਦੇ ਹੁਨਾਨ ਸੂਬੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਵਿਅਕਤੀ ਨੇ ਭੀੜ 'ਤੇ ਆਪਣੀ ਐਸਯੂਵੀ ਚੜ੍ਹਾ ਦਿੱਤੀ ਤੇ ਬਾਅਦ ਚਾਕੂ ਨਾਲ ਹਮਲਾ ਕਰਨ ਲੱਗਾ। ਇਹ ਘਟਨਾ ਹੇਂਗਦੋਂਗ ਕਾਊਂਟੀ ਵਿੱਚ ਵਾਪਰੀ, ਜਿਸ ਦੌਰਾਨ ਨੌਂ ਲੋਕਾਂ ਦੀ ਮੌਤ ਹੋ ਗਈ ਤੇ 43 ਜ਼ਖ਼ਮੀ ਹੋ ਗਏ ਹਨ। ਚੀਨ ਵਿੱਚ ਕਾਰ ਨਾਲ ਲੋਕਾਂ ਨੂੰ ਮਾਰਨ ਤੇ ਚਾਕੂ ਨਾਲ ਹਮਲੇ ਦੀ ਇਹ ਪਹਿਲੀ ਘਟਨਾ ਹੈ। ਐਸਯੂਵੀ ਚਲਾਉਣ ਵਾਲੇ 54 ਸਾਲਾ ਯਾਂਗ ਜਾਨਯੂਨ ਨੇ ਪਹਿਲਾਂ ਨਹਿਰ ਕੰਢੇ ਇਕੱਠੇ ਹੋਏ ਲੋਕਾਂ ਨੂੰ ਆਪਣੀ ਕਾਰ ਹੇਠਾਂ ਦਰੜਿਆ ਤੇ ਫਿਰ ਚਾਕੂ ਨਾਲ ਹਮਲਾ ਕਰ ਦਿੱਤਾ।


ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਤੇ 43 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਯਾਂਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਹਿਲਾਂ ਵੀ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਤੇ ਕਈ ਵਾਰ ਜੇਲ੍ਹ ਵੀ ਕੱਟ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਚੀਨ ਵਿੱਚ ਇਸ ਕਿਸਮ ਦੀ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਜਰਮਨੀ ਤੇ ਫਰਾਂਸ ਜਿਹੇ ਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਨ੍ਹਾਂ ਦੇਸ਼ਾਂ ਵਿੱਚ ਬਾਅਦ ਵਿੱਚ ਇਨ੍ਹਾਂ ਘਟਨਾਵਾਂ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਚੀਨ ਵਿੱਚ ਵਾਪਰੀ ਇਸ ਘਟਨਾ ਦਾ ਦਹਿਸ਼ਤਗਰਦੀ ਹਮਲੇ ਨਾਲ ਕੋਈ ਸਬੰਧ ਹੈ ਕਿ ਨਾ।