ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਆਪਣੀ ਪਤਨੀ ਬੇਗ਼ਮ ਕੁਲਸੂਮ ਨਵਾਜ਼ ਦੇ ਜਨਾਜ਼ੇ ’ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੀ ਪੈਰੋਲ ਮਿਲ ਗਈ ਹੈ। ਇਸ ਤੋਂ ਪਹਿਲਾਂ ਸ਼ਰੀਫ਼ ਨੂੰ ਸਿਰਫ਼ 12 ਘੰਟਿਆਂ ਦੀ ਪੈਰੋਲ ਮਿਲੀ ਸੀ। ਸਾਬਕਾ ਪ੍ਰਧਾਨ ਦੇ ਨਾਲ-ਨਾਲ ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਵੀ ਤਿੰਨ ਦਿਨਾਂ ਲਈ ਪੈਰੋਲ ਮਿਲ ਗਈ ਹੈ।


ਭਰਜਾਈ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਬੁੱਧਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ ਸਨ। ਮੀਡੀਆ ਰਿਪੋਰਟ ਮੁਤਾਬਕ ਕੁਲਸੂਮ ਦੀ ਮੌਤ ਬਾਰੇ ਸੂਚਨਾ ਦੇ ਕੁਝ ਦੇਰ ਬਾਅਦ ਹੀ ਨਵਾਜ਼, ਮਰੀਅਮ ਅਤੇ ਸਫ਼ਦਰ ਨੂੰ ਅਦਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਜੱਦੀ ਪਿੰਡ ਜਾਤੀ ਉਮਰਾ ਪਹੁੰਚ ਗਏ ਸਨ।

ਸ਼ਰੀਫ਼ ਪਰਿਵਾਰ ਨੇ ਪੰਜ ਦਿਨਾਂ ਦੀ ਪੈਰੋਲ ਦੇਣ ਦੀ ਬੇਨਤੀ ਕੀਤੀ ਸੀ, ਜਿਸ 'ਤੇ ਪਹਿਲਾਂ 12 ਘੰਟਿਆਂ ਦੀ ਛੁੱਟੀ ਹੀ ਮਨਜ਼ੂਰ ਕੀਤੀ ਗਈ ਸੀ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਮੁਤਾਬਕ ਉਨ੍ਹਾਂ ਨੂੰ ਤਿੰਨ ਦਿਨ ਦੀ ਪੈਰੋਲ ’ਤੇ ਛੱਡਿਆ ਗਿਆ ਹੈ ਅਤੇ ਇਹ ਸ਼ਨਿਚਰਵਾਰ ਰਾਤ ਨੂੰ ਖ਼ਤਮ ਹੋਵੇਗੀ। ਉਸ ਨੇ ਕਿਹਾ ਕਿ ਜੇਕਰ ਬੇਗਮ ਕੁਲਸੂਮ ਨੂੰ ਸਪੁਰਦ-ਏ-ਖ਼ਾਕ ਕਰਨ ’ਚ ਵੱਧ ਸਮਾਂ ਲੱਗਦਾ ਹੈ ਤਾਂ ਪੈਰੋਲ ਨੂੰ ਵਧਾਇਆ ਵੀ ਜਾ ਸਕਦਾ ਹੈ।