ਕਾਬੁਲ: ਅੱਤਵਾਦ ਵਿਰੁੱਧ ਜਾਰੀ ਲੜਾਈ ਦੌਰਾਨ ਅਫ਼ਗਾਨਿਸਤਾਨ ਵਿੱਚੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਸਾਹਮਣੇ ਆਇਆ ਹੈ। ਟਰੂਡੋ ਦੇ ਹਮਸ਼ਕਲ ਦਾ ਨਾਂ ਅਬਦੁਲ ਸਲੀਮ ਮਫ਼ਤੂਨ ਹੈ ਤੇ ਉਸ ਦੀ ਸ਼ਕਲ ਕੈਨੇਡਾ ਦੇ ਪੀਐਮ ਨਾਲ ਇੰਨੀ ਮਿਲਦੀ ਹੈ ਕਿ ਲੋਕ ਉਸ ਨੂੰ ਉਨ੍ਹਾਂ ਦਾ ਅਫ਼ਗਾਨੀ 'ਭਰਾ' ਕਹਿ ਕੇ ਬੁਲਾਉਣ ਲੱਗੇ ਹਨ।

ਦਰਅਸਲ, ਅਬਦੁਲ ਦਾ ਪੇਸ਼ਾ ਵਿਆਹਾਂ ਸ਼ਾਦੀਆਂ ਵਿੱਚ ਗੀਤ ਗਾਉਣਾ ਹੈ ਤੇ ਅੱਜ-ਕੱਲ੍ਹ ਉਹ ਅਫ਼ਗਾਨਿਸਤਾਨ ਦੇ ਸਿੰਗਿੰਗ ਟੈਲੀਵਿਜ਼ਨ ਸ਼ੋਅ ਅਫ਼ਗਾਨ ਸਟਾਰ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਸ਼ੋਅ ਦੇ ਜੱਜ ਨੇ ਅਬਦੁਲ ਦੀ ਸ਼ਕਲ ਦੇਖ ਕੇ ਉਸ ਦੀ ਤਸਵੀਰ ਤੇ ਜਾਣਕਾਰੀ ਸਾਂਝੀ ਕੀਤੀ, ਜਿਸ ਮਗਰੋਂ ਉਹ ਰਾਤੋ-ਰਾਤ ਦੁਨੀਆ ਵਿੱਚ ਪ੍ਰਸਿੱਧ ਹੋ ਗਿਆ।

ਟਰੂਡੋ ਸਦਕਾ ਅਬਦੁਲ ਨੂੰ ਕਾਫੀ ਮਸ਼ਹੂਰੀ ਮਿਲੀ, ਜਿਸ ਕਾਰਨ ਉਸ ਦੇ ਸ਼ੋਅ ਜਿੱਤਣ ਦੀਆਂ ਆਸਾਂ ਵੀ ਕਾਫੀ ਵਧ ਗਈਆਂ ਹਨ। 29 ਸਾਲਾ ਅਬਦੁਲ ਨੇ ਕਿਹਾ ਕਿ ਮੈਂ ਅੱਜ ਤਕ ਟਰੂਡੋ ਬਾਰੇ ਕੁਝ ਨਹੀਂ ਸੀ ਜਾਣਦਾ। ਹਮਸ਼ਕਲ ਹੋਣ ਕਾਰਨ ਲੋਕ ਵੀ ਉਸ ਨੂੰ ਉਸ ਦੇ ਨਾਂਅ ਨਾਲ ਨਹੀਂ ਬਲਕਿ ਜਸਟਿਨ ਟਰੂਡੋ ਕਹਿ ਕੇ ਬੁਲਾਉਂਦੇ ਹਨ।