ਲੰਦਨ: ਬ੍ਰਿਟੇਨ ਵਿੱਚ ਇੱਕ ਆਦਮੀ ਨੇ ਏਅਰਲਾਈਨ ਕੰਪਨੀ ’ਤੇ ਬ੍ਰਿਟਿਸ਼ ਏਅਰਵੇਜ਼ ’ਤੇ ਕੇਸ ਕਰ ਦਿੱਤਾ। ਵੇਲਸ ਦੇ ਰਹਿਣ ਵਾਲੇ ਸਟੀਵਨ ਪ੍ਰੋਸਰ ਦਾ ਇਲਜ਼ਾਮ ਹੈ ਕਿ ਉਡਾਣ ਵਿੱਚ ਉਸ ਦੇ ਨਾਲ ਵਾਲੀ ਸੀਟ ’ਤੇ ਮੋਟੇ ਯਾਤਰੀ ਦੀ ਵਜ੍ਹਾ ਕਰਕੇ ਉਸ ਨੂੰ ਸੱਟਾਂ ਲੱਗ ਗਈਆਂ। ਇਸ ਦੇ ਹਰਜਾਨੇ ਦੇ ਤੌਰ ’ਤੇ ਪ੍ਰੋਸਰ ਨੇ ਕੰਪਨੀ ਕੋਲੋਂ 10 ਹਜ਼ਾਰ ਪੌਂਡ (ਕਰੀਬ 9 ਲੱਖ ਰੁਪਏ) ਮੁਆਵਜ਼ਾ ਮੰਗਿਆ ਹੈ।

2 ਸਾਲ ਪੁਰਾਣਾ ਮਾਮਲਾ, ਪਰ ਹੁਣ ਕੀਤਾ ਕੇਸ

ਇਸ ਮਾਮਲਾ 2016 ਦਾ ਹੈ। ਸਟੀਵਨ ਨੇ ਏਅਰਵੇਜ਼ ਦੀ ਉਡਾਣ ਵਿੱਚ ਬੈਂਕਾਕ ਤੋਂ ਲੰਦਨ ਦਾ ਸਫ਼ਰ ਤੈਅ ਕਰਨਾ ਸੀ। ਉਸ ਦੇ ਨਾਲ ਵਾਲੀ ਸੀਟ ’ਤੇ ਲੰਮੇ ਕੱਦ ਵਾਲਾ ਮੋਟਾ ਆਦਮੀ ਬੈਠਾ ਸੀ ਜੋ ਆਪਣੀ ਸੀਟ ’ਤੇ ਪੂਰਾ ਫਿਟ ਵੀ ਨਹੀਂ ਆ ਰਿਹਾ ਸੀ। ਸਟੀਵਨ ਮੁਤਾਬਕ ਉਸ ਨੇ ਕ੍ਰੂ ਨੂੰ ਆਪਣੀ ਸੀਟ ਬਦਲਣ ਲਈ ਕਿਹਾ ਪਰ ਉਡਾਣ ਪੂਰੀ ਤਰ੍ਹਾਂ ਭਰੀ ਹੋਣ ਕਰਕੇ ਉਸ ਨੂੰ ਸੀਟ ਨਹੀਂ ਮਿਲੀ। ਉਸ ਨੂੰ 12 ਘੰਟੇ 40 ਮਿੰਟ ਉਸ ਮੋਟੇ ਆਦਮੀ ਨਾਲ ਗੁਜ਼ਾਰਨੇ ਪਏ।

ਅਦਾਲਤ ਵਿੱਚ ਸਟੀਵਨ ਨੇ ਦਾਅਵਾ ਕੀਤਾ ਕਿ ਸਫ਼ਰ ਦੌਰਾਨ ਛੋਟੀ ਜਿਹੀ ਜਗ੍ਹਾ ਵਿੱਚ ਬੈਠਣ ਕਰਕੇ ਤੇ ਮੋਟੇ ਆਦਮੀ ਦਾ ਬੋਝ ਝੱਲਣ ਕਰਕੇ ਉਸ ਦੀ ਰੀੜ੍ਹ ਦੀ ਹੱਢੀ ਦੇ ਜੋੜ ’ਤੇ ਸੱਟ ਲੱਗੀ। ਇਸੇ ਵਜ੍ਹਾ ਕਰਕੇ ਕਰੀਬ ਤਿੰਨ ਮਹੀਨਿਆਂ ਤਕ ਉਸ ਦੇ ਕੰਮ ’ਤੇ ਅਸਰ ਪਿਆ। ਉੱਧਰ ਏਅਰਵੇਜ਼ ਨੇ ਸਟੀਵਨ ਦਾ ਦਾਅਵਾ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਉਡਾਣ ਦੌਰਾਨ ਉਸ ਨੂੰ ਪਿੱਠ ਦਰਦ ਨਾਲ ਜੁੜੀ ਕੋਈ ਸਮੱਸਿਆ ਨਹੀਂ ਸੀ। ਬਲਕਿ ਉਹ ਜ਼ਿਆਦਾਤਰ ਸਮਾਂ ਸੌਂ ਹੀ ਰਿਹਾ ਸੀ।