ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪਾਕਿਸਤਾਨ 'ਤੇ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਮੂਰਖ ਹੈ। ਅਮਰੀਕਾ ਨੇ ਅਰਬਾਂ ਡਾਲਰ ਦਿੱਤੇ ਪਰ ਪਾਕਿਸਤਾਨ ਨੇ ਕਦੇ ਵੀ ਨਹੀਂ ਦੱਸਿਆ ਕਿ ਓਸਾਮਾ ਬਿਨ ਲਾਦੇਨ ਉਨ੍ਹਾਂ ਦੇ ਦੇਸ਼ ਵਿੱਚ ਹੀ ਲੁਕ ਕੇ ਬੈਠਿਆ ਹੋਇਆ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੀ ਫ਼ੌਜੀ ਸਹਾਇਤਾ ਰੋਕੇ ਜਾਣ 'ਤੇ ਟਰੰਪ ਨੇ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਦੇ ਖ਼ਾਤਮੇ ਲਈ ਖ਼ਾਸ ਕਦਮ ਨਹੀਂ ਚੁੱਕੇ।

ਟਰੰਪ ਮੁਤਾਬਕ ਪਾਕਿਸਤਾਨ ਸਾਡਾ ਪੈਸਾ ਲੈ ਲਵੇਗਾ ਤੇ ਬਦਲੇ ਵਿੱਚ ਕੁਝ ਨਹੀਂ ਕਰੇਗਾ। ਲਾਦੇਨ ਇਸ ਦਾ ਉਦਾਹਰਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਬਗ਼ੈਰ ਕੁਝ ਕੀਤੇ ਅਮਰੀਕਾ ਤੋਂ ਕਾਫੀ ਕੁਝ ਲੈ ਲੈਂਦਾ ਹੈ, ਪਰ ਅਸੀਂ ਇਹ ਸਭ ਖ਼ਤਮ ਕਰ ਚੁੱਕੇ ਹਾਂ।


ਟਰੰਪ ਦਾ ਮੰਨਣਾ ਹੈ ਕਿ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਭੂਮਿਕਾ ਅਸੰਤੁਸ਼ਟ ਸਹਾਇਕ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਸਾਡੇ ਪੈਸੇ ਦੀ ਦੁਰਵਰਤੋਂ ਕਰਦਾ ਹੈ। ਬਿਨ ਲਾਦੇਨ ਨੂੰ 2011 ਵਿੱਚ ਐਬਟਾਬਾਦ ਵਿੱਚ ਜਿਸ ਸਮੇਂ ਮਾਰਿਆ ਗਿਆ, ਉਸ ਨੂੰ ਪਹਿਲਾਂ ਹੀ ਫੜਿਆ ਜਾ ਸਕਦਾ ਸੀ।