ਮੈਲਬਰਨ : ਬ੍ਰਿਸਬਨ ’ਚ ਸਾੜ ਕੇ ਮਾਰੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੀ ਮ੍ਰਿਤਕ ਦੇਹ ਪੰਜਾਬ ਤੋਂ ਆਏ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਮਨਮੀਤ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸਾਥੀ ਵੀਰਵਾਰ ਤੱਕ ਲਾਸ਼ ਭਾਰਤ ਲੈ ਕੇ ਪਹੁੰਚ ਜਾਣਗੇ। ਸੂਬੇ ਦੇ ਸਿਹਤ ਮੰਤਰੀ ਕੈਮਰਨ ਡਿੱਕ ਨੇ ਨਿਰਦੇਸ਼ ਦਿੱਤੇ ਹਨ ਕਿ ਮਾਨਸਿਕ ਬਿਮਾਰੀ ਅਧੀਨ ਰਹੇ ਹਮਲਾਵਰ ਐਂਥਨੀ ਓ ਡੌਨਹਿਉ (48) ਦੇ ਸਰਕਾਰੀ ਹਸਪਤਾਲ ਤੋਂ ਚੱਲੇ ਇਲਾਜ ਦੀ ਜਾਂਚ ਕਰਵਾਈ ਜਾਵੇ। ਇਸ ਪੜਤਾਲ ਲਈ 8 ਹਫ਼ਤਿਆਂ ਦਾ ਸਮਾਂ ਰੱਖਿਆ ਗਿਆ ਹੈ।
ਮਨਮੀਤ ਦੇ ਭਰਾ ਅਮਿਤ ਸ਼ਰਮਾ ਅਤੇ ਪਰਿਵਾਰ ਦੇ ਕਰੀਬੀ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦੀ ਉਡੀਕ ਰਹੇਗੀ। ਉਨ੍ਹਾਂ ਕਿਹਾ,‘‘ਅਸੀਂ ਚਾਹੁੰਦੇ ਹਾਂ ਕਿ ਆਸਟਰੇਲੀਆ ’ਚ ਕੰਮ ਕਰਦੇ ਪਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਹੋਰ ਕਿਸੇ ਪਰਿਵਾਰ ਨੂੰ ਅਜਿਹੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।’’

ਕੁਈਨਜ਼ਲੈਂਡ ਦੀ ਮੁੱਖ ਮੰਤਰੀ ਅਨੈਸਟਿਕਾ ਪੈਲਾਸੁਜ਼ੂਕ ਨੇ ਫ਼ੋਨ ਉੱਤੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਘਟਨਾ ਦੀ ਸਮਾਂ ਬੱਧ ਜਾਂਚ ਦਾ ਭਰੋਸਾ ਦਿੱਤਾ ਹੈ। ਪੂਰਾ ਆਸਟ੍ਰੇਲੀਆ ਵਿੱਚ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।