ਬ੍ਰਿਸਬਨ: ਸੂਬਾ ਕੁਈਨਜ਼ਲੈਂਡ ਵਿਚ ਮਰਹੂਮ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਬ੍ਰਿਸਬਨ ਦੀ ਕੋਰੋਨਰ ਅਦਾਲਤ ਵਿੱਚ 17 ਤੋਂ 27 ਮਾਰਚ 2020 ਤੱਕ ਹੋਣ ਵਾਲੀ ਸੁਣਵਾਈ ਵੀ ਕਰੋਨਾਵਾਇਰਸ (ਕੋਵਿਡ-19) ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਨੇ ਦੱਸਿਆ ਕਿ ਅਦਾਲਤ ਨੇ ਕੋਰੋਨਰ ਇਨਕੁਇਸਟ ਦੀ ਸੁਣਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਯਾਦ ਰਹੇ 28 ਅਕਤੂਬਰ, 2016 ਦੀ ਸਵੇਰ ਨੂੰ ਇੱਥੋਂ ਦੇ ਵਾਸੀ ਐਂਥਨੀ ਉਡਨਹੋਉ ਵੱਲੋਂ ਮਨਮੀਤ ਅਲੀਸ਼ੇਰ ਦੀ ਡਿਊਟੀ ਦੌਰਾਨ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਤਕਰੀਬਨ ਦੋ ਸਾਲ ਤੱਕ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਸਬੰਧਤ ਸਾਰੇ ਕੇਸ ਵੀ ਖਾਰਜ ਕਰ ਦਿੱਤੇ ਗਏ ਸਨ।