ਫਲੋਰਿਡਾ—ਅਮਰੀਕਾ ਦੇ ਫਲੋਰੀਡਾ ਵਿਚ ਸਕੂਲ ਵਿੱਚ ਗੋਲੀਬਾਰੀ ਕਰਕੇ 17 ਵਿਦਿਆਰਥੀਆਂ ਦੀ ਜਾਨ ਲੈਣ ਵਾਲੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਬਾਰੇ ਨਵਾਂ ਖੁਲਾਸਾ ਹੋਇਆ ਹੈ। ਇਸ ਵਿਦਿਆਰਥੀ ਨੇ ਸੈਮੀ ਆਟੋਮੈਟਿਕ ਰਾਇਫਲ ਨਾਲ ਸਕੂਲ ਦੀ ਇਮਾਰਤ 'ਚ ਦਾਖਲ ਹੋ ਕੇ ਗੋਲੀਬਾਰੀ ਕੀਤੀ।
ਸ਼ੈਰਿਫ ਵਿਭਾਗ ਨੇ ਦੱਸਿਆ ਕਿ ਦੋਸ਼ੀ ਕਰੂਜ਼ ਦੇ ਪਿੱਠੂ ਬੈਗ 'ਚ ਬਾਰੂਦ ਸੀ। ਬ੍ਰੋਵਾਰਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਕਰੂਜ਼ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੇ ਮਿਆਮੀ ਦੇ ਉੱਤਰ 'ਚ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਜ਼ ਹਾਈ ਸਕੂਲ ਦੇ ਮੈਦਾਨਾਂ ਅਤੇ ਇਮਾਰਤ 'ਚ ਵਿਦਿਆਰਥੀਆਂ 'ਤੇ ਗੋਲੀਆਂ ਚਲਾਈਆਂ।
ਕਰੂਜ਼ ਨੇ ਦੱਸਿਆ ਕਿ ਉਹ ਸਕੂਲ 'ਚ ਵਾਧੂ ਮੈਗਜ਼ੀਨ ਲੈ ਕੇ ਗਿਆ ਸੀ ਅਤੇ ਕੰਪਲੈਕਸ 'ਚ ਪੁੱਜਣ ਮਗਰੋਂ ਉਸ ਨੇ ਉਨ੍ਹਾਂ ਨੂੰ ਬੈਗ 'ਚ ਰੱਖਿਆ। ਸ਼ੈਰਿਫ ਸਕਾਟ ਇਜ਼ਰਾਇਲ ਨੇ ਦੱਸਿਆ ਕਿ ਬੰਦੂਕਧਾਰੀ ਨੇ 5 ਕਲਾਸਾਂ 'ਚ ਗੋਲੀਬਾਰੀ ਕੀਤੀ। ਇਨ੍ਹਾਂ 'ਚੋਂ 4 ਕਲਾਸਾਂ ਪਹਿਲੀ ਮੰਜ਼ਲ ਅਤੇ ਇਕ ਕਲਾਸ ਦੂਜੀ ਮੰਜ਼ਲ 'ਤੇ ਹੈ। ਇਜ਼ਰਾਇਲ ਨੇ ਦੱਸਿਆ ਕਿ ਉਸ ਨੇ ਗੋਲੀਬਾਰੀ 3 ਮਿੰਟਾਂ ਤਕ ਕੀਤੀ।
ਗੋਲੀਬਾਰੀ ਕਰਨ ਮਗਰੋਂ ਉਹ ਤੀਸਰੀ ਮੰਜ਼ਲ 'ਤੇ ਗਿਆ ਅਤੇ ਉਸ ਨੇ ਆਪਣੀ ਏ.ਆਰ.15 ਰਾਇਫਲ ਅਤੇ ਗੋਲਾ ਬਾਰੂਦ ਨਾਲ ਭਰਿਆ ਪਿੱਠੂ ਬੈਗ ਸੁੱਟ ਦਿੱਤਾ। ਇਸ ਮਗਰੋਂ ਉਹ ਇਮਾਰਤ 'ਚੋਂ ਭੱਜਆ ਅਤੇ ਦੌੜ ਰਹੇ ਵਿਦਿਆਰਥੀਆਂ 'ਚ ਸ਼ਾਮਲ ਹੋ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਸਕੂਲ 'ਚੋਂ ਨਿਕਲ ਕੇ ਉਹ ਇਕ ਰੈਸਟੋਰੈਂਟ 'ਚ ਗਿਆ ਜਿੱਥੇ ਉਸ ਨੇ ਕੋਲਡ ਡਰਿੰਕ ਪੀਤੀ। ਇਸ ਦੇ ਤਕਰੀਬਨ 40 ਕੁ ਮਿੰਟਾਂ ਮਗਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।
19 ਸਾਲਾ ਕਰੂਜ਼ ਅਨਾਥ ਹੈ ਅਤੇ ਪਿਛਲੇ ਸਾਲ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਦੇ ਖਿਲਾਫ ਵੀਰਵਾਰ ਨੂੰ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ। ਅਧਿਕਾਰੀਆਂ ਨੇ ਕਤਲ ਦੇ ਪਿੱਛੇ ਕੋਈ ਖਾਸ ਕਾਰਣ ਨਹੀਂ ਦੱਸਿਆ ਸਿਰਫ ਇਹ ਹੀ ਦੱਸਿਆ ਕਿ ਕਰੂਜ਼ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ।