ਅਮਰੀਕਾ ਵਿੱਚ ਸਿੱਖ ਟੈਕਸੀ ਡਰਾਈਵਰ ਹੋਇਆ ਨਸਲਵਾਦ ਦਾ ਸ਼ਿਕਾਰ
ਏਬੀਪੀ ਸਾਂਝਾ | 16 Feb 2018 08:40 AM (IST)
ਇਲੀਨੋਇਸ- ਭਾਰਤੀ ਲੋਕਾਂ ਨੂੰ ਅਮਰੀਕਾ ਵਿੱਚ ਨਸਲੀ ਹਮਲਿਆਂ ਦੇ ਸ਼ਿਕਾਰ ਬਣਾਏ ਜਾਣ ਦੀ ਤਾਜ਼ਾ ਘਟਨਾ ਅਮਰੀਕਾ ਦੇ ਸੂਬੇ ਇਲੀਨੋਇਸ ਵਿੱਚ ਵਾਪਰਨ ਦਾ ਪਤਾ ਲੱਗਾ ਹੈ। ਜਿੱਥੇ ਉਬੇਰ ਟੈਕਸੀ ਸੇਵਾ ਦਾ ਇੱਕ ਇਕ ਸਿੱਖ ਡਰਾਈਵਰ ਨਸਲਵਾਦ ਦਾ ਸ਼ਿਕਾਰ ਹੋਇਆ ਹੈ। ਬੀਤੀ 28 ਜਨਵਰੀ 2018 ਨੂੰ ਗੁਰਜੀਤ ਸਿੰਘ ਨਾਂਅ ਦੇ ਸਿੱਖ ਉੱਤੇ ਉਬੇਰ ਟੈਕਸੀ ਦੇ ਮੁਸਾਫਰ ਨੇ ਨਸਲੀ ਟਿਪਣੀਆਂ ਕਰਨ ਦੇ ਨਾਲ ਧਮਕੀਆਂ ਦਿੱਤੀਆਂ ਸਨ। ਉੱਤਰੀ-ਪੱਛਮੀ ਇਲੀਨੋਇਸ ਦੇ ਰਹਿਣ ਵਾਲੇ ਗੁਰਜੀਤ ਸਿੰਘ ਏਥੇ ਉਬੇਰ ਦੇ ਡਰਾਈਵਰ ਹਨ ਤੇ ਇਸ ਦੇ ਨਾਲ ਸਥਾਨਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ। ਬੀਤੇ ਬੁੱਧਵਾਰ ਨੂੰ ਵਾਪਰੀ ਘਟਨਾ ਦੇ ਇਸ ਮੁੱਦੇ ਨੂੰ ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ਸਿੱਖ ਕੋਲੀਸ਼ਨ ਨੇ ਚੁੱਕਿਆ ਅਤੇ ਮੰਗ ਕੀਤੀ ਹੈ ਕਿ ਸਿੱਖ ਉਬੇਰ ਡਰਾਈਵਰ ਉੱਤੇ ਨਸਲੀ ਟਿੱਪਣੀਆਂ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ। ਆਪਣੀ ਨਾਲ ਵਾਪਰੀ ਘਟਨਾ ਬਾਰੇ ਗੁਰਜੀਤ ਸਿੰਘ ਨੇ ਦੱਸਿਆ ਕਿ 28 ਜਨਵਰੀ ਦੀ ਰਾਤ ਕਰੀਬ 10.39 ਵਜੇ ਉਹ ਇਲੀਨੋਇਸ ਦੇ ਸ਼ਹਿਰ ਮੌਲੀਨ ਵਿੱਚ ਇਕ ਵਿਅਕਤੀ ਨੂੰ ਉਬੇਰ ਵਿੱਚ ਬਿਠਾ ਕੇ ਉਸ ਦੀ ਮੰਜ਼ਲ ਤੱਕ ਛੱਡਣ ਲਈ ਜਾ ਰਿਹਾ ਸੀ ਕਿ ਉਸ ਆਦਮੀ ਨੇ ਉਸ ਤੋਂ ਪੁੱਛਿਆ: ਤੁਸੀਂ ਕਿੱਥੋਂ ਦੇ ਹੋ? ਕਿਸ ਦੇਸ਼ ਨਾਲ ਸੰਬੰਧ ਰੱਖਦੇ ਹੋ। ਤੁਸੀਂ ਸਾਡੇ ਦੇਸ਼ ਦੀ ਸੇਵਾ ਕਰਦੇ ਹੋ ਜਾਂ ਆਪਣੇ ਦੇਸ਼ ਦੀ? ਗੁਰਜੀਤ ਨੂੰ ਅੰਗਰੇਜ਼ੀ ਇੰਨੀ ਸਮਝ ਨਹੀਂ ਆਈ ਅਤੇ ਉਨ੍ਹਾਂ ਨੇ ਇਸ ਨੂੰ ਮੁੜ ਵਰਣਨ ਕਰਨ ਲਈ ਕਿਹਾ। ਇੰਨੇ ਵਿੱਚ ਹੀ ਟੈਕਸੀ ਸਵਾਰ ਵਿਅਕਤੀ ਨੇ ਆਪਣੀ ਬੰਦੂਕ ਕੱਢੀ ਅਤੇ ਉਸ ਦੇ ਸਿਰ ਉੱਤੇ ਤਾਣ ਕੇ ਕਿਹਾ, ‘ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ, ਮੈਂ ਦਾੜ੍ਹੀ ਵਾਲੇ ਲੋਕਾਂ ਨਾਲ ਸਖਤ ਨਫਰਤ ਕਰਦਾ ਹਾਂ।’ ਇਸ ਤੋਂ ਬਾਅਦ ਗੁਰਜੀਤ ਸਿੰਘ ਨੇ ਟੈਕਸੀ ਰੋਕੀ ਅਤੇ ਟੈਕਸੀ ਸਵਾਰ ਵਿਅਕਤੀ ਨੂੰ ਬਾਹਰ ਕੱਢ ਦਿੱਤਾ। ਫਿਰ ਗੁਰਜੀਤ ਸਿੰਘ ਨੇ ਅਗਲੇ ਦਿਨ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਿੱਖ ਕੋਲੀਸ਼ਨ ਨੇ ਇਸ ਗੱਲ ਉੱਤੇ ਇਤਰਾਜ਼ ਕੀਤਾ ਹੈ ਕਿ ਗੁਰਜੀਤ ਸਿੰਘ ਉੱਤੇ ਅਜਿਹਾ ਹਮਲਾ ਬਰਦਾਸ਼ਤ ਤੋਂ ਬਾਹਰ ਹੈ ਅਤੇ ਵੱਡੀ ਗੱਲ ਇਹ ਹੈ ਕਿ ਘਟਨਾ ਦੇ ਇੰਨੇ ਦਿਨ ਬੀਤ ਜਾਣ ਮਗਰੋਂ ਵੀ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਉਹ ਆਜ਼ਾਦ ਘੁੰਮ ਰਿਹਾ ਹੈ। ਸਿੱਖ ਕੋਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਅੰਮ੍ਰਿਤ ਕੌਰ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਲੀਨੋਇਸ ਦੀ ਸਥਾਨਕ ਪੁਲਸ ਗੁਰਜੀਤ ਸਿੰਘ ਦੇ ਹਮਲਾਵਰ ਨੂੰ ਗ੍ਰਿਫਤਾਰ ਕਰੇਗੀ ਤੇ ਸੂਬਾ ਅਟਾਰਨੀ ਅਧਿਕਾਰੀ ਉਸ ਉੱਤੇ ਨਫਰਤ ਅਪਰਾਧ ਕਰਨ ਬਾਰੇ ਤੁਰੰਤ ਉਸ ਉੱਤੇ ਦੋਸ਼ ਲਾਉਣਗੇ।