ਚੰਡੀਗੜ੍ਹ: ਪੁਲਵਾਮਾ ਹਮਲੇ ਦੇ ਪੰਜ ਦਿਨਾਂ ਬਾਅਦ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣਾ ਪੱਖ ਰੱਖਿਆ ਜਿਸ ’ਤੇ ਭਾਰਤ ਵੱਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਤੋਂ ਸਬੂਤ ਮੁਹੱਈਆ ਕਰਾਉਣ ’ਤੇ ਜਾਂਚ ਦੀ ਪੇਸ਼ਕਸ਼ ਕਰਨਾ ਸਿਰਫ ਇੱਕ ਫਿਜ਼ੂਲ ਦਾ ਬਹਾਨਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਖ਼ਾਨ ਨੇ ਪੁਲਵਾਮਾ ਹਮਲੇ ’ਤੇ ਭਾਰਤ ਦੇ ਜਵਾਬ ਨੂੰ ਲੋਕ ਸਭਾ ਚੋਣਾਂ ਤੋਂ ਪ੍ਰਭਾਵਿਤ ਦੱਸਿਆ। ਭਾਰਤ ਇਸ ਦਾ ਖੰਡਨ ਕਰਦਾ ਹੈ।


ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੂੰ ਇਸ ’ਤੇ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਪੀਐਮ ਨੇ ਪੁਲਵਾਮਾ ਹਮਲੇ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਪੀਐਮ ਨੇ ਨਾ ਤਾਂ ਘਟਨਾ ਦੀ ਨਿੰਦਾ ਕੀਤੀ ਤੇ ਨਾ ਹੀ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਸਮੁਦਾਏ ਨੂੰ ਗੁਮਰਾਹ ਕਰਨਾ ਬੰਦ ਕਰੇ ਅਤੇ ਪੁਲਵਾਮਾ ਹਮਲੇ ਦੇ ਕਸੂਰਵਾਰਾਂ ਖਿਲਾਫ ਠੋਸ ਕਾਰਵਾਈ ਕਰੇ।

ਆਪਣਾ ਬਿਆਨ ਦਿੰਦਿਆਂ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਜੇ ਭਾਰਤ ਕੋਲ ਕਿਸੇ ਪਾਕਿਸਤਾਨੀ ਨਾਗਰਿਕ ਬਾਰੇ ਅਜਿਹੀ ਕੋਈ ਖੁਫੀਆ ਜਾਣਕਾਰੀ ਹੈ ਤਾਂ ਉਹ ਪਾਕਿਸਤਾਨ ਨੂੰ ਦਿੱਤੀ ਜਾਏ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਕਾਰਵਾਈ ਕਰਨਗੇ। ਹੁਣ ਭਾਰਤ ਨੇ ਉਨ੍ਹਾਂ ਦੇ ਬਿਆਨ ਦਾ ਜਵਾਬ ਦਿੱਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਹੋਣ ਤੋਂ ਇਨਕਾਰ ਕਰਦੇ ਸਮੇਂ ਇਮਰਾਨ ਖ਼ਾਨ ਨੇ ਜੈਸ਼-ਏ-ਮੁਹੰਮਦ ਦੇ ਦਾਅਵੇ ਨੂੰ ਨਜ਼ਰ ਅੰਦਾਜ਼ ਕੀਤਾ।