ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ 'ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰਾਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤਕ ਇਸ ਸੋਲਰ ਪਾਰਕ ਦੇ ਬਣ ਕੇ ਪੂਰਾ ਤਿਆਰ ਹੋਣ ਦੀ ਆਸ ਹੈ।

ਇਸ ਦੇ ਨਾਲ ਹੀ ਇਹ ਸੋਲਰ ਪਾਰਕ ਗਲੋਬਲ ਵਾਰਮਿੰਗ ਨੂੰ ਘਟਾਉਣ ਵਿੱਚ ਵੀ ਸਹਾਈ ਹੋਵੇਗਾ। ਜੇਕਰ ਇੰਨੀ ਹੀ ਬਿਜਲੀ ਕਿਸੇ ਹੋਰ ਬਲਣਸ਼ੀਲ ਤਕਨੀਕ ਨਾਲ ਪੈਦਾ ਕੀਤੀ ਜਾਵੇ ਤਾਂ ਇਸ ਵਿੱਚ 65 ਲੱਖ ਟਨ ਦੀ ਕਾਰਬਨ ਦਾ ਰਿਸਾਅ ਵਾਤਾਵਰਨ 'ਚ ਹੋਵੇਗਾ। ਇਸ ਸੋਲਰ ਪਾਰਕ ਦੇ ਦੋ ਪੜਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਦੋ ਬਾਕੀ ਹਨ। ਫਿਲਹਾਲ ਤੀਜੇ ਪੜਾਅ ਦਾ ਕੰਮ ਚੱਲ ਰਿਹਾ ਹੈ।

ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ 'ਤੇ ਬਣ ਰਿਹਾ ਇਹ ਸੋਲਰ ਪਾਰਕ ਪੂਰਾ ਹੋਣ ਤਕ ਤਕਰੀਬਨ 5,000 ਮੈਗਾਵਾਟ ਬਿਜਲੀ ਪੈਦਾ ਕਰੇਗਾ। ਹਾਲਾਂਕਿ, ਚੀਨ ਦੇ ਨਿਸ਼ਿੰਗਿਆ ਸਥਿਤ ਟੇਂਗਰ ਡੈਜ਼ਰਟ ਸੋਲਰ ਪਾਰਕ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਚੱਲਦਾ ਸੌਰ ਊਰਜਾ ਰਾਹੀਂ ਬਿਜਲੀ ਪੈਦ ਕਰਨ ਵਾਲਾ ਅਦਾਰਾ ਹੈ। ਇੱਥੇ 1547 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਅਜਿਹਾ ਹੀ ਸੌਰ ਊਰਜਾ ਬਿਜਲੀ ਪ੍ਰਾਜੈਕਟ ਭਾਰਤ ਦੇ ਲੱਦਾਖ ਵਿੱਚ ਵੀ ਲਾਇਆ ਜਾ ਰਿਹਾ ਹੈ, ਜੋ ਸਾਲ 2023 ਤਕ ਪੂਰਾ ਹੋਣ ਮਗਰੋਂ 3,000 ਮੈਗਾਵਾਟ ਬਿਜਲੀ ਪੈਦਾ ਕਰੇਗਾ।