ਵੈਨਕੂਵਰ: ਸਰੀ ਦੇ ਨੇੜਲੇ ਇਲਾਕੇ ਲੈਂਗਲੀ ਦੀ ਮਹਿਲਾ 'ਤੇ ਆਪਣੀ ਹੀ ਬੱਚੀ ਦੇ ਕਤਲ ਦੇ ਇਲਜ਼ਾਮ ਲੱਗੇ ਹਨ। 7 ਸਾਲਾ ਬੱਚੀ ਆਲੀਆ ਰੋਸਾ ਦੀ ਲੈਂਗਲੀ ਦੇ ਕੌਂਡੋ ਵਿੱਚ ਲਾਸ਼ ਮਿਲੀ ਸੀ। ਉਸ ਮੌਕੇ ਜਾਂਚ ਅਧਿਕਾਰੀਆਂ ਨੇ ਕਿਹਾ ਸੀ ਕਿ ਜਾਂਚ ਵਿਚ ਸ਼ਾਮਲ ਇੱਕ ਮਹਿਲਾ ਨੂੰ ਮੈਡੀਕਲ ਦੇਖਰੇਖ ਹੇਠ ਰੱਖਿਆ ਗਿਆ ਹੈ।


ਸੋਮਵਾਰ ਨੂੰ ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਮਾਮਲੇ ਵਿੱਚ ਬੱਚੀ ਦੀ ਮਾਂ 36 ਸਾਲਾ ਕੈਰਿਨ ਲਿਉਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਰਿਨ ਤੇ ਬੱਚੀ ਦੇ ਕਤਲ ਦੇ ਮਾਮਲੇ ਵਿਚ ਦੂਜਾ ਦਰਜੇ ਦੇ ਕਤਲ ਦੇ ਇਲਜ਼ਾਮ ਲੱਗੇ ਹਨ।


ਅਧਿਆਪਕਾਂ ਤੇ ਦੋਸਤਾਂ ਨੇ ਛੋਟੀ ਬੱਚੀ ਬਾਰੇ ਕਿਹਾ ਕਿ ਉਸ ਨੂੰ ਹਮੇਸ਼ਾ ਇੱਕ ਪਿਆਰ ਕਰਨ ਵਾਲੀ, ਪਿਆਰੀ ਤੇ ਖੁਸ਼ਨੁਮਾ ਬੱਚੀ ਵਜੋਂ ਯਾਦ ਰੱਖਿਆ ਜਾਵੇਗਾ। ਬੱਚੀ ਨੂੰ ਆਲੇ-ਦੁਆਲੇ ਵਾਲਿਆਂ ਦਾ ਖਿਆਲ ਕਰਨ ਵਾਲੀ ਦੱਸਿਆ ਗਿਆ। ਅਧਿਆਪਕਾਂ ਨੇ ਇਹ ਵੀ ਕਿਹਾ ਕਿ ਬੱਚੀ ਦਾ ਆਪਣੇ ਪਿਤਾ ਨਾਲ ਬਹੁਤ ਖਾਸ ਲਗਾਅ ਸੀ।