ਕੀ ਸਕੂਲ ਦੀ ਪਰੀਖਿਆ ਵਿੱਚ ਨੰਬਰ ਘੱਟ ਆਉਣਾ ਇਨੀ ਵੱਡੀ ਗੱਲ ਹੈ ਕਿ ਉਸਨੂੰ ਅਜਿਹੀ ਸ਼ਰਮਨਾਕ ਸਜ਼ਾ ਦਿੱਤੀ ਜਾਵੇ ਤੇ ਇਸ ਤੋਂ ਤੰਗ ਆ ਕੇ ਕੋਈ ਬੱਚਾ ਗਲਤ ਕਦਮ ਚੁੱਕਣ ਬਾਰੇ ਸੋਚੇ ? ਅਜਿਹੀ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ ਇੱਕ 16 ਸਾਲ ਦੀ ਕੁੜੀ ਸੁਰਖੀਆਂ ਵਿੱਚ ਹੈ। ਇਹ ਲੜਕੀ ਆਪਣੀ ਮਾਂ ਨਾਲ ਕਾਰ ਰਾਹੀਂ ਜਾ ਰਹੀ ਸੀ। ਇਸ ਦੌਰਾਨ ਲੜਕੀ ਨੇ ਆਪਣੀ ਮਾਂ ਨਾਲ ਹਾਲ ਹੀ ਵਿੱਚ ਹੋਈ ਪ੍ਰੀਖਿਆ ਅਤੇ ਉਸ ਵਿੱਚ ਆਏ ਅੰਕਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਗੱਲਬਾਤ ਬਹਿਸ ਵਿੱਚ ਬਦਲ ਗਈ। ਆਖਰਕਾਰ ਕਾਰ ਚਲਾ ਰਹੀ ਮਾਂ ਇੰਨੀ ਗੁੱਸੇ ਵਿੱਚ ਆ ਗਈ ਕਿ ਉਸਨੇ ਆਪਣੀ ਧੀ ਨੂੰ ਸੜਕ ਦੇ ਵਿਚਕਾਰ ਸੁੱਟ ਦਿੱਤਾ।



ਜਿਸ ਸੜਕ 'ਤੇ ਲੜਕੀ ਨੂੰ ਉਸ ਦੀ ਮਾਂ ਨੇ ਸੁੱਟਿਆ ਸੀ, ਉਹ ਰੋਮ ਦਾ ਇਕ ਮਹੱਤਵਪੂਰਨ ਮਾਰਗ ਦੱਸਿਆ ਜਾਂਦਾ ਹੈ। ਅਜਿਹੇ 'ਚ ਲੜਕੀ ਹਾਈਵੇਅ ਦੇ ਰਿੰਗ ਰੋਡ 'ਤੇ ਉਦੋਂ ਤੱਕ ਘੁੰਮਦੀ ਰਹੀ ਜਦੋਂ ਤੱਕ ਉਹ ਪੁਲਿਸ ਦੀ ਨਜ਼ਰ 'ਚ ਨਹੀਂ ਆ ਗਈ, ਪੁਲਿਸ ਕਰਮਚਾਰੀ ਲੜਕੀ ਨੂੰ ਥਾਣੇ ਲੈ ਗਏ ਅਤੇ ਫਿਰ ਉਸ ਨੇ ਸਾਰਾ ਮਾਮਲਾ ਦੱਸਿਆ। ਲੜਕੀ ਨੇ ਸਾਰੀ ਘਟਨਾ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਦੀ ਮਾਂ ਨੇ ਉਸ ਨੂੰ ਸੜਕ ਦੇ ਵਿਚਕਾਰ ਸੁੱਟ ਦਿੱਤਾ।


 
ਇਟਾਲੀਅਨ ਅਖਬਾਰਾਂ ਮੁਤਾਬਕ ਲੜਕੀ ਨੇ ਹੋਰ ਸਾਰੇ ਵਿਸ਼ਿਆਂ ਵਿੱਚ 10 ਵਿੱਚੋਂ 9 ਗ੍ਰੇਡ ਪ੍ਰਾਪਤ ਕੀਤੇ ਸਨ ਪਰ ਉਹ ਲਾਤੀਨੀ ਵਿੱਚ ਮੁਸ਼ਕਿਲ ਨਾਲ ਪੰਜ ਗ੍ਰੇਡ ਪ੍ਰਾਪਤ ਕਰ ਸਕੀ। ਉਸ ਦੀ ਮਾਂ ਨੂੰ ਲਾਤੀਨੀ ਵਿੱਚ ਕੁੜੀ ਦੀ ਮਾੜੀ ਕਾਰਗੁਜ਼ਾਰੀ ਪਸੰਦ ਨਹੀਂ ਆਈ ਸੀ। ਉਹ ਇੰਨੇ ਗੁੱਸੇ 'ਚ ਸੀ ਕਿ ਉਹ ਆਪਣੀ ਧੀ ਨੂੰ ਕਾਰ 'ਚੋਂ ਉਤਾਰ ਕੇ ਸੜਕ 'ਤੇ ਛੱਡ ਚਲੀ ਗਈ।


 
ਪੁਲਿਸ ਨੇ ਬਾਲ ਸ਼ੋਸ਼ਣ ਲਈ ਲੜਕੀ ਦੀ 40 ਸਾਲਾ ਮਾਂ 'ਤੇ ਸ਼ੱਕ ਜਤਾਇਆ ਹੈ ਅਤੇ ਇਸ ਦੋਸ਼ ਤਹਿਤ ਕੇਸ ਨੂੰ ਜੁਵੇਨਾਈਲ ਕੋਰਟ ਵਿੱਚ ਭੇਜ ਦਿੱਤਾ ਹੈ। ਨਿਊਜ਼ ਏਜੰਸੀ ਏਐਫਪੀ ਨੇ ਪੁਲਿਸ ਤੋਂ ਇਸ ਘਟਨਾ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਸ ਮਾਮਲੇ 'ਤੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਖਬਰ ਦੀ ਇਟਲੀ ਵਿਚ ਕਾਫੀ ਚਰਚਾ ਹੋ ਰਹੀ ਹੈ।